ਮੁੱਖ ਖਬਰਾਂ
Home / ਪੰਜਾਬ / ਮਾਨ ਨੇ ਅਸਤੀਫ਼ੇ ਦਾ ਕੀਤਾ ਸੀ ਸਿਰਫ ਡਰਾਮਾ : ਖਹਿਰਾ
Sukhpal Singh Khaira of Aam Aadmi Party shows a twitter post of MP Bhagwant Mann while addresses a press conference in Chandigarh on Wednesday. TRIBUNE PHOTO: RAVI KUMAR

ਮਾਨ ਨੇ ਅਸਤੀਫ਼ੇ ਦਾ ਕੀਤਾ ਸੀ ਸਿਰਫ ਡਰਾਮਾ : ਖਹਿਰਾ

Spread the love

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਬੀਤੇ ਦਿਨ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਇੱਕ ਦਿਨ ਬਾਅਦ ‘ਆਪ’ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਵਾਬੀ ਕਾਨਫਰੰਸ ਕਰਦਿਆਂ ਸ੍ਰੀ ਮਾਨ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ।
ਸ੍ਰੀ ਖਹਿਰਾ ਨੇ ਚਾਰ ਵਿਧਾਇਕਾਂ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਮਾਸਟਰ ਬਲਦੇਵ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਸਮੇਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸ੍ਰੀ ਮਾਨ ਨੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਨਹਾਨੀ ਦੇ ਕੇਸ ਵਿੱਚ ਮੰਗੀ ਮੁਆਫੀ ਦੇ ਮੁੱਦੇ ਉਪਰ ਅਸਤੀਫਾ ਦੇਣ ਦਾ ਡਰਾਮਾ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਮੇਂ ਜਦੋਂ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਉਨ੍ਹਾਂ ਦੀ ਚੰਡੀਗੜ੍ਹ ਵਿੱਚ ਇਕੱਲਿਆਂ ਮੀਟਿੰਗ ਹੋਈ ਸੀ ਤਾਂ ਸ੍ਰੀ ਸਿਸੋਦੀਆ ਨੇ ਕਿਹਾ ਸੀ ਕਿ ਉਹ (ਖਹਿਰਾ) ਹਰ ਮੁੱਦੇ ਉਪਰ ਬੜੀ ਕਾਹਲੀ ਵਿੱਚ ਟਿੱਪਣੀਆਂ ਕਰ ਦਿੰਦੇ ਹਨ ਜਦਕਿ ਭਗਵੰਤ ਮਾਨ ਨੇ ਹਾਈਕਮਾਂਡ ਦੀ ਰਣਨੀਤੀ ਤਹਿਤ ਹੀ ਸ੍ਰੀ ਕੇਜਰੀਵਾਲ ਵੱਲੋਂ ਮੁਆਫੀ ਮੰਗਣ ਦੇ ਮਾਮਲੇ ’ਚ ਪੰਜਾਬ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ।
ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਉਪਰ ਜੋ ਦੋਸ਼ ਕੱਲ੍ਹ ਸੰਸਦ ਮੈਂਬਰ ਨੇ ਲਾਏ ਹਨ ਅਜਿਹੀਆਂ ਗੱਲਾਂ ਕੋਈ ਜ਼ਿੰਦਗੀ ਤੋਂ ਪ੍ਰੇਸ਼ਾਨ ਬੰਦਾ ਹੀ ਕਰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮਾਨ ਨੇ ਵੀ ਪਹਿਲਾਂ ਲੋਕ ਭਲਾਈ ਪਾਰਟੀ ਤੇ ਫਿਰ ਪੰਜਾਬ ਪੀਪਲਜ਼ ਪਾਰਟੀ ਵਿੱਚ ਕੰਮ ਕਰਨ ਤੋਂ ਬਾਅਦ ‘ਆਪ’ ’ਚ ਸ਼ਿਰਕਤ ਕੀਤੀ ਸੀ। ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਅਕਾਲੀ ਦਲ ਹੈ ਅਤੇ ਉਹ ਵੀ ਸ੍ਰੀ ਮਾਨ ਤੋਂ ਸਿਰਫ਼ ਡੇਢ ਸਾਲ ਬਾਅਦ ਹੀ 25 ਦਸੰਬਰ 2015 ਨੂੰ ‘ਆਪ’ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਸ੍ਰੀ ਮਾਨ ਨੂੰ ਸਵਾਲ ਕੀਤਾ ਕਿ ਕਾਂਗਰਸ ਨਾਲ ਹਾਈਕਮਾਂਡ ਦਾ ਕੀ ਸਮਝੌਤਾ ਹੋਇਆ ਹੈ? ਸ੍ਰੀ ਖਹਿਰਾ ਨੇ ਕਿਹਾ ਕਿ ਉਹ ਅਸਤੀਫੇ ਨਹੀਂ ਦੇਣਗੇ ਅਤੇ ਨਾ ਹੀ ਬਠਿੰਡਾ ਕਨਵੈਨਸ਼ਨ ਦੇ 6 ਮਤਿਆਂ ਤੋਂ ਪਿੱਛੇ ਹਟਣਗੇ।
ਇਸੇ ਦੌਰਾਨ ਬਾਗੀ ਧੜੇ ਨਾਲ ਜੁੜੇ ਦੋ ਵਿਧਾਇਕਾਂ ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਸ੍ਰੀ ਮਾਨ ਵੱਲੋਂ ਕੱਲ੍ਹ ਪ੍ਰੈੱਸ ਕਾਨਫਰੰਸ ਕਰਕੇ ਦੂਸਰੀ ਧਿਰ ਨਾਲ ਖੜ੍ਹੇ ਹੋਣ ਕਾਰਨ ਹੁਣ ਸਮਝੌਤੇ ਦੀ ਆਖਰੀ ਆਸ ਵੀ ਖਤਮ ਹੋ ਗਈ ਜਾਪਦੀ ਹੈ। ਸ੍ਰੀ ਸੰਧੂ ਨੇ ਸ੍ਰੀ ਖਹਿਰਾ ਵੱਲੋਂ ਸਫ਼ਾਈ ਦਿੰਦਿਆਂ ਕਿਹਾ ਕਿ ਬਤੌਰ ਵਿਰੋਧੀ ਧਿਰ ਦੇ ਆਗੂ ਵਜੋਂ ਮਿਲੀ ਸਰਕਾਰੀ ਕੋਠੀ ਰਿਹਾਇਸ਼ ਵਿੱਚ ਹੋਣ ਕਾਰਨ ਉਥੇ ਪਾਰਟੀ ਦਾ ਦਫਤਰ ਚਲਾਉਣਾ ਸੰਭਵ ਨਹੀਂ ਸੀ। ਸ੍ਰੀ ਸੰਧੂ ਨੇ ਅੱਜ ਫਿਰ ਕਿਹਾ ਕਿ ਉਹ ਦਿੱਲੀ ਦੀ ਲੀਡਰਸ਼ਿਪ ਦੇ ਵਿਰੁੱਧ ਨਹੀਂ ਹਨ, ਸਗੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ। ਬਾਗੀ ਧੜੇ ਨੇ ਪੰਜਾਬ ’ਚ ਅਮਨ ਤੇ ਕਾਨੂੰਨ ਦੀ ਵਿਗੜੀ ਸਥਿਤੀ ਉੱਪਰ ਚਿੰਤਾ ਪ੍ਰਗਟ ਕਰਦਿਆਂ ਕੈਪਟਨ ਸਰਕਾਰ ਉੱਪਰ ਵੀ ਸਵਾਲ ਚੁੱਕੇ।

Leave a Reply

Your email address will not be published.