ਮੁੱਖ ਖਬਰਾਂ
Home / ਪੰਜਾਬ / ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂਆਂ ਨੂੰ ਮਿਲਣਗੇ 26 ਲੱਖ ਰੁਪਏ : ਰਾਣਾ ਸੋਢੀ

ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂਆਂ ਨੂੰ ਮਿਲਣਗੇ 26 ਲੱਖ ਰੁਪਏ : ਰਾਣਾ ਸੋਢੀ

Spread the love

ਐਸ ਏ ਐਸ ਨਗਰ (ਮੁਹਾਲੀ)-ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈ ਰਹੇ ਪੰਜਾਬ ਦੇ ਖਿਡਾਰੀਆਂ ਸਣੇ ਸਮੁੱਚੇ ਭਾਰਤੀ ਖੇਡ ਦਲ ਨੂੰ ਅੱਜ ਸ਼ੁੱਭ ਕਮਨਾਵਾਂ ਦਿੱਤੀਆਂ ਹਨ। ਖੇਡ ਮੰਤਰੀ ਨੇ ਇੱਥੇ ਵੱਖ-ਵੱਖ ਕੰਪਲੈਕਸਾਂ ਦਾ ਮੁਆਇਨਾ ਕਰਦਿਆਂ ਕਿਹਾ ਕਿ ਸੋਨ ਤਗ਼ਮਾ ਜੇਤੂਆਂ ਨੂੰ 26 ਲੱਖ ਰੁਪਏ ਮਿਲਣਗੇ, ਜਦੋਂਕਿ ਚਾਂਦੀ ਤੇ ਕਾਂਸੀ ਜਿੱਤਣ ’ਤੇ ਕ੍ਰਮਵਾਰ 16 ਲੱਖ ਰੁਪਏ ਤੇ 11 ਲੱਖ ਰੁਪਏ ਦਾ ਨਗ਼ਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਮਗਰੋਂ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਡ ਤਗ਼ਮਾ ਜੇਤੂ ਪੰਜਾਬੀ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਏਸ਼ਿਆਈ ਖੇਡਾਂ ਲਈ ਹਾਕੀ ਟੀਮ ਵਿੱਚ ਅੱਠ ਖਿਡਾਰੀ, ਰੋਇੰਗ ਟੀਮ ਵਿੱਚ ਨੌਂ ਖਿਡਾਰੀ ਪੰਜਾਬ ਦੇ ਖੇਡ ਰਹੇ ਹਨ। ਇਸ ਤੋਂ ਇਲਾਵਾ ਹੈਂਡਬਾਲ ਵਿੱਚ ਤਿੰਨ ਮਹਿਲਾ ਤੇ ਦੋ ਪੁਰਸ਼, ਅਥਲੈਟਿਕਸ ਵਿੱਚ ਤਿੰਨ, ਸਾਈਕਲਿੰਗ, ਨਿਸ਼ਾਨੇਬਾਜ਼ੀ, ਕੁਸ਼ਤੀ ਤੇ ਮਹਿਲਾ ਕਬੱਡੀ ਵਿੱਚ ਦੋ-ਦੋ ਅਤੇ ਮਾਰਸ਼ਲ ਆਰਟ ਤੇ ਵੇਟਲਿਫਟਿੰਗ ਵਿੱਚ ਇੱਕ-ਇੱਕ ਖਿਡਾਰੀ ਪੰਜਾਬ ਤੋਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਦੀ ਤਗ਼ਮਾ ਸੂਚੀ ਵਿੱਚ ਪੰਜਾਬੀ ਖਿਡਾਰੀ ਅਹਿਮ ਯੋਗਦਾਨ ਪਾਉਣਗੇ। ਰਾਣਾ ਸੋਢੀ ਨੇ ਸੈਕਟਰ 63 ਦੇ ਸਪੋਰਟਸ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਥੇ ਬਣਾਈ ਜਾ ਰਹੀ ਸਪੋਰਟਸ ਹੋਸਟਲ ਦੀ ਇਮਾਰਤ ਅਤੇ ਖੇਡ ਕੰਪਲੈਕਸ ਵਿਚਲੇ ਵੱਖ-ਵੱਖ ਮੈਦਾਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਖੇਡ ਵਿਭਾਗ ਦੇ ਸਮੁੱਚੇ ਅਧਿਕਾਰੀ ਅਤੇ ਡਾਇਰੈਕਟਰ ਵੀ ਮੌਜੂਦ ਸਨ।

Leave a Reply

Your email address will not be published.