ਮੁੱਖ ਖਬਰਾਂ
Home / ਪੰਜਾਬ / ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਥਾਣੇਦਾਰ ਖ਼ਿਲਾਫ਼ ਕੇਸ ਦਰਜ

ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਥਾਣੇਦਾਰ ਖ਼ਿਲਾਫ਼ ਕੇਸ ਦਰਜ

Spread the love

ਪਟਿਆਲਾ-ਨੌਜਵਾਨਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਮੁਅੱਤਲ ਕੀਤੇ ਗਏ ਥਾਣਾ ਸਨੌਰ ਦੇ ਏਐਸਆਈ ਨਰਿੰਦਰ ਸਿੰਘ ਖ਼ਿਲਾਫ਼ ਧਾਰਾ 323 ਅਤੇ 342 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਵਜੋਂ ਇੰਸਪੈਕਟਰ ਗੁਰਿੰਦਰ ਸਿੰਘ ਬੱਲ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਹੋਏ ਹਨ। ਉਧਰ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਨੇ ਕੇਸਾਂ ਅਤੇ ਦਸਤਾਰ ਦੀ ਬੇਹੁਰਮਤੀ ਲਈ ਧਾਰਾ 295ਏ ਜੋੜਨ ਦੀ ਵੀ ਮੰਗ ਕੀਤੀ ਹੈ। ਕੁੱਟਮਾਰ ਦਾ ਸ਼ਿਕਾਰ ਅਮਰਦੀਪ ਸਿੰਘ ਤੀਜੇ ਦਿਨ ਵੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਹੈ। ਇਸ ਦੌਰਾਨ ਪੀੜਤ ਨੌਜਵਾਨ ਦਾ ਹਾਲ-ਚਾਲ ਪੁੱਛਣ ਆਏ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ, ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿਵਾਇਆ। ਪੀੜਤ ਨੂੰ ਮਿਲਣ ਪੁੱਜੇ ‘ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ’ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਵੀ ਸ਼ਾਮਲ ਧਾਰਾਵਾਂ ਨੂੰ ਨਾਕਾਫ਼ੀ ਦੱਸਦਿਆਂ, ਧਾਰਾ 295ਏ ਅਤੇ 307 ਵੀ ਜੋੜਨ ਦੀ ਮੰਗ ਕੀਤੀ।
ਹਸਪਤਾਲ ਪੁੱਜੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਵੀ ਘਟਨਾ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੁਲੀਸ ਨੂੰ ਨਕੇਲ ਪਾਉਣ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਨੌਜਵਾਨ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਨਰਦੇਵ ਸਿੰਘ ਆਕੜੀ ਨੇ ਵੀ ਘਟਨਾ ਦੀ ਨਿੰਦਾ ਕੀਤੀ ਹੈ। ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੁਲੀਸ ਵਧੀਕੀਆਂ ਦਾ ਮਾਮਲਾ ਵਿਧਾਨ ਸਭਾ ’ਚ ਉਠਾਉਣ ਦੀ ਗੱਲ ਆਖੀ ਹੈ।

Leave a Reply

Your email address will not be published.