ਮੁੱਖ ਖਬਰਾਂ
Home / ਮੁੱਖ ਖਬਰਾਂ / ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ 11 ਸਮਝੌਤੇ ਸਹੀਬੱਧ

ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ 11 ਸਮਝੌਤੇ ਸਹੀਬੱਧ

Spread the love

ਨਵੀਂ ਦਿੱਲੀ-ਭਾਰਤ ਅਤੇ ਦੱਖਣੀ ਕੋਰੀਆ ਨੇ ਅੱਤਵਾਦ, ਦਹਿਸ਼ਤਗਰਦੀ ਅਤੇ ਇੰਤਹਾਪਸੰਦੀ ਨੂੰ ਆਲਮੀ ਸ਼ਾਂਤੀ ਲਈ ਖ਼ਤਰਾ ਕਰਾਰ ਦਿੰਦਿਆਂ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਨਿਖੇਧੀ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਅੱਤਵਾਦ ‘ਤੇ ਸਾਂਝੇ ਰੁਖ਼ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਆਧਾਰ ‘ਤੇ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ | ਦੋਵੇਂ ਆਗੂਆਂ ਨੇ ਇਕਸਾਰ ਖੇਤਰੀ ਅਤੇ ਆਲਮੀ ਕੋਸ਼ਿਸ਼ਾਂ ਰਾਹੀਂ ਅੱਤਵਾਦ ਨਾਲ ਨਜਿੱਠਣ ਦਾ ਵੀ ਸੰਕਲਪ ਲਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੂਨ ਵਲੋਂ ਅੱਜ ਹੈਦਰਾਬਾਦ ਹਾਊਸ ਵਿਖੇ ਹੋਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ‘ਚ ਉਕਤ ਵਿਚਾਰ ਪ੍ਰਗਟਾਏ | ਦੋਵਾਂ ਆਗੂਆਂ ਨੇ ਗੱਲਬਾਤ ਦੌਰਾਨ ਰੱਖਿਆ, ਸੁਰੱਖਿਆ ਬਣਾਵਟੀ ਗਿਆਨ ਤੇ ਵਪਾਰ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ ਅਤੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਪ੍ਰਸਾਰ ਨੂੰ ਰੋਕ ਕੇ ਖੇਤਰੀ ਸ਼ਾਂਤੀ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਗੱਲ ਆਖੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੀਆਈ ਪ੍ਰਾਇਦੀਪ ‘ਚ ਸ਼ਾਂਤੀ ਦੇ ਅਮਲ ਨੂੰ ਕਾਇਮ ਰੱਖਣ ਅਤੇ ਉਸ ਨੂੰ ਗਤੀ ਦੇਣ ਲਈ ਦੱਖਣੀ ਕੋਰੀਆਈ ਰਾਸ਼ਟਰਪਤੀ ਦੀ ਸ਼ਲਾਘਾ ਕਰਦਿਆਂ ਭਾਰਤ ਦੇ ਸਾਥ ਦਾ ਵੀ ਭਰੋਸਾ ਦਿਵਾਇਆ | ਪ੍ਰਧਾਨ ਮੰਤਰੀ ਨੇ ਸ਼ਾਂਤੀ ਦੇ ਇਸ ਅਮਲ ਨੂੰ ਵਧਾਉਣ ਲਈ ਆਉਣ ਵਾਲੇ ਸਮੇਂ ‘ਚ ਹੋਣ ਵਾਲੀ ਸਕੱਤਰ ਪੱਧਰ ਦੀ 2+2 ਗੱਲਬਾਤ ਅਤੇ ਮੰਤਰੀ ਪੱਧਰ ਦੀ ਜੁਆਇੰਟ ਕਮਿਸ਼ਨ ਨੂੰ ਕਾਫ਼ੀ ਅਹਿਮ ਦੱਸਿਆ | ਦੱਖਣੀ ਕੋਰੀਆ ਨੇ ਵੀ ਪ੍ਰਮਾਣ ਸਪਲਾਇਰ ਗਰੁੱਪ ਐਨ. ਐਸ. ਜੀ. ‘ਚ ਭਾਰਤ ਦੀ ਮੈਂਬਰਸ਼ਿਪ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਆਲਮੀ ਪੱਧਰ ‘ਤੇ ਪ੍ਰਮਾਣੂ ਨਿਸ਼ਸਤਰੀਕਰਨ ਮੁਹਿੰਮ ਮਜ਼ਬੂਤ ਹੋਵੇਗੀ | ਦੱਖਣੀ ਕੋਰੀਆ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਨੂੰ ਇਕ ਮਿਸਾਲ ਦੱਸਦਿਆਂ ਮੋਦੀ ਨੇ ਇਸ ਨੂੰ ਭਾਰਤ ਲਈ ਪ੍ਰੇਰਨਾਦਾਇਕ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੋਰੀਆਈ ਕੰਪਨੀਆਂ ਦੇ ਉਤਪਾਦਾਂ ਨੇ ਆਪਣੀ ਗੁਣਵੱਤਾ ਸਦਕਾ ਭਾਰਤ ਦੇ ਘਰ-ਘਰ ‘ਚ ਆਪਣੀ ਪਹਿਚਾਣ ਬਣਾਈ ਹੈ |
ਭਾਰਤ ਅਤੇ ਕੋਰੀਆ ਦੇ ਸਬੰਧ
ਦੋਵਾਂ ਆਗੂਆਂ ਨੇ ਹੈਦਰਾਬਾਦ ਹਾਊਸ ਵਿਖੇ ਹੋਈ ਤਫ਼ਸੀਲੀ ਗੱਲਬਾਤ ‘ਚ ਨਾ ਸਿਰਫ਼ ਦੁਵੱਲੇ ਸਬੰਧਾਂ ਦਾ ਜਾਇਜ਼ਾ ਲਿਆ, ਸਗੋਂ ਖ਼ੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰਧਾਨ ਮੰਤਰੀ ਨੇ ਨੀਤੀਗਤ ਪੱਧਰ ‘ਤੇ ਭਾਰਤ ਦੀ ਐਕਟ ਈਸਟ ਨੀਤੀ ਅਤੇ ਕੋਰੀਆ ਦੀ ਨਵੀਂ ਦੱਖਣੀ ਨੀਤੀ ‘ਚ ਸੁਭਾਵਿਕ ਇਕਸਾਰਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਕੋਰੀਆ ਦੇ ਸਬੰਧ ਹੀ ਉਨ੍ਹਾਂ ਦੀ ਨਵੀਂ ਦੱਖਣੀ ਨੀਤੀ ਦਾ ਮੁੱਢ ਹਨ | ਦੋਵਾਂ ਆਗੂਆਂ ਨੇ ਆਪਣੀ ਵਿਸ਼ੇਸ਼ ਨੀਤੀਗਤ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇਕ ਦਿ੍ਸ਼ਟੀ ਪੱਤਰ (ਵਿਜ਼ਨ ਡਾਕੂਮੈਂਟ) ਵੀ ਜਾਰੀ ਕੀਤਾ | ਇਸ ਦੇ ਨਾਲ ਹੀ ਆਪਣੀ ਵਿਆਪਕ ਆਰਥਿਕ ਭਾਈਵਾਲੀ ਨੂੰ ਅਗਲੇ ਪੜਾਅ ਤੱਕ ਲਿਜਾਣ ਲਈ ਵੀ (ਅਰਲੀ ਹਾਰਵੈਸਟ ਪੈਕੇਜ) ‘ਤੇ ਦਸਤਖ਼ਤ ਕੀਤੇ | ਭਾਰਤ ਅਤੇ ਦੱਖਣੀ ਕੋਰੀਆ ਨੇ ਵਿਸ਼ਵ ਭਰ ‘ਚ ਹੋ ਰਹੇ ਤਕਨੀਕੀ ਬਦਲਾਅ ਨੂੰ ਵੇਖਦਿਆਂ ਸਾਂਝੇ ਤੌਰ ‘ਤੇ ਨਵੀਨਤਾ ਸਹਿਯੋਗ ਕੇਂਦਰ ਦੀ ਸਥਾਪਨਾ ਅਤੇ ਭਵਿੱਖ ਰਣਨੀਤਕ ਸੰਗਠਨ ਦਾ ਗਠਨ ਕਰਨ ਦਾ ਵੀ ਫੈਸਲਾ ਲਿਆ |
ਦੋਵਾਂ ਦੇਸ਼ਾਂ ਦਰਮਿਆਨ 11 ਸਮਝੌਤੇ ਸਹੀਬੱਧ
ਭਾਰਤ ਅਤੇ ਦੱਖਣੀ ਕੋਰੀਆ ਨੇ ਅੱਜ 11 ਸਮਝੌਤਿਆਂ ‘ਤੇ ਦਸਤਖ਼ਤ ਕੀਤੇ, ਜਿਨ੍ਹਾਂ ‘ਚੋਂ 9 ਐਮ. ਓ. ਯੂ., ਸੱਭਿਆਚਾਰਕ ਤਬਾਦਲੇ ਦੇ ਪ੍ਰੋਗਰਾਮ ਬਾਰੇ ਇਕ ਦਸਤਾਵੇਜ਼ ਅਤੇ ਆਰਥਿਕ ਭਾਈਵਾਲੀ ਨੂੰ ਅਗਲੇ ਪੱਧਰ ‘ਤੇ ਲਿਜਾਣ ਸਬੰਧੀ ਇਕ ਸਾਂਝਾ ਬਿਆਨ ਸ਼ਾਮਿਲ ਹੈ | ਇਨ੍ਹਾਂ ਸਮਝੌਤਿਆਂ ‘ਚ ਵਪਾਰ ਉਪਰਾਲੇ, ਭਵਿੱਖ ਨੀਤੀਗਤ ਗਰੁੱਪ ਦੇ ਗਠਨ ਅਤੇ ਵਿਗਿਆਨਕ ਅਤੇ ਤਕਨੀਕ ਖੋਜ ‘ਚ ਸਹਿਯੋਗ ਸਬੰਧੀ ਸਮਝੌਤੇ ਸ਼ਾਮਿਲ ਹਨ | ਦੋਵਾਂ ਦੇਸ਼ਾਂ ਦਰਮਿਆਨ ਬਾਇਓਟੈਕਨਾਲੋਜੀ ਅਤੇ ਦੂਰ ਸੰਚਾਰ ਦੇ ਖ਼ੇਤਰ ‘ਚ ਵੀ ਸਮਝੌਤੇ ਹੋਏ | ਦੋਵੇਂ ਆਗੂਆਂ ਨੇ ਭਾਰਤ-ਕੋਰੀਆ ਵਪਾਰ ਫ਼ੋਰਮ ਨੂੰ ਵੀ ਸੰਬੋਧਨ ਕੀਤਾ, ਜਿਸ ‘ਚ ਦੌਰੇ ‘ਤੇ ਆਏ ਪਤਵੰਤੇ ਨੇ ਕਿਹਾ ਕਿ ਭਾਰਤ ਅਤੇ ਦੱਖਣੀ ਕੋਰੀਆ ਦੀਆਂ ਸਾਂਝੀਆਂ ਨੀਤੀਆਂ ਨਾਲ ਹੀ ਏਸ਼ੀਆ ਦਾ ਵਿਕਾਸ ਹੋਵੇਗਾ |

Leave a Reply

Your email address will not be published.