ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਪਾਕਿਸਤਾਨ ‘ਚ ਪਹਿਲੇ ਸਿੱਖ ਅਫ਼ਸਰ ਨੂੰ ਕੀਤਾ ਜ਼ਲੀਲ

ਪਾਕਿਸਤਾਨ ‘ਚ ਪਹਿਲੇ ਸਿੱਖ ਅਫ਼ਸਰ ਨੂੰ ਕੀਤਾ ਜ਼ਲੀਲ

Spread the love

ਪਾਕਿਸਤਾਨ ਦੇ ਪਹਿਲੇ ਪੁਲਿਸ ਅਫਸਰ ਗੁਲਾਬ ਸਿੰਘ ਨੂੰ ਉਸ ਦੇ ਘਰ ਵਿਚੋਂ ਜਬਰੀ ਬਾਹਰ ਕੱਢ ਕੇ ਘਰ ਨੂੰ ਜਿੰਦਰਾ ਮਾਰ ਦੇਣ ਅਤੇ ਉਸ ਦੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਸਬੰਧੀ ਇਕ ਵੀਡੀਉ ਵਾਇਰਲ ਹੋਇਆ ਹੈ। ਲਾਹੌਰ ਤੋਂ ਵਾਇਰਲ ਹੋਈ ਇਸ ਵੀਡੀਉ ਵਿਚ ਇਕ ਸਿੱਖ ਦੀ ਦਸਤਾਰ ਲੱਥੀ ਹੋਈ ਹੈ ਤੇ ਉਸ ਦੇ ਕੇਸ ਖਿਲਰੇ ਹੋਏ ਹਨ। ਗੁਲਾਬ ਸਿੰਘ 15 ਸਾਲਾਂ ਤੋਂ ਟ੍ਰੈਫ਼ਿਕ ਵਾਰਡਨ ਵਜੋਂ ਡਿਊਟੀ ਕਰ ਰਿਹਾ ਹੈ। ਇਸ ਦਾ ਦੋਸ਼ ਹੈ ਕਿ ਉਸ ਤੋਂ ਜਬਰੀ ਘਰ ਖ਼ਾਲੀ ਕਰਵਾਇਆ ਗਿਆ ਹੈ। ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਘਰ ਤੋਂ ਬਾਹਰ ਸੁੱਟ ਦਿਤਾ ਗਿਆ।
ਗੁਲਾਬ ਸਿੰਘ ਅਪਣੇ ਬੱਚਿਆਂ ਸਮੇਤ ਬੇਦੀਆਂ ਰੋਡ ਵਿਖੇ ਗੁਰਦਵਾਰਾ ਡੇਰਾ ਸਾਹਿਬ ਨੇੜੇ ਰਹਿ ਰਿਹਾ ਸੀ। ਅਚਾਨਕ ਪਾਕਿਸਤਾਨੀ ਪੰਜਾਬ ਪੁਲਿਸ ਤੇ ਓਕਾਫ਼ ਬੋਰਡ ਦੇ ਲੋਕ ਆਏ ਤੇ ਉਸ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿਤਾ। ਵੀਡੀਉ ਵਿਚ ਇਹ ਸਿੱਖ ਦੱਸ ਰਿਹਾ ਹੈ ਕਿ ਉਸ ਨੂੰ ਕੋਈ ਨੋਟਿਸ ਵੀ ਜਾਰੀ ਨਹੀਂ ਕੀਤਾ ਗਿਆ ਜਦ ਕਿ ਇਸ ਇਲਾਕੇ ਵਿਚ ਹਜ਼ਾਰਾਂ ਘਰ ਹਨ ਪਰ ਉਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਤਾਰਾ ਸਿੰਘ ਨੇ ਕੁੱਝ ਲੋਕਾਂ ਨੂੰ ਖ਼ੁਸ਼ ਕਰਨ ਲਈ ਉਸ ਵਿਰੁਧ ਇਹ ਕਾਰਵਾਈ ਕਰਵਾਈ ਹੈ।
ਉਸ ਨੇ ਇਸ ਮਾਮਲੇ ‘ਤੇ ਮਦਦ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਗੁਲਾਬ ਸਿੰਘ ਨੇ ਇਕ ਵੀਡੀਉ ਵਾਇਰਲ ਕਰ ਕੇ ਵਿਦੇਸ਼ੀ ਸਿੱਖਾਂ ਨੂੰ ਤਾਰਾ ਸਿੰਘ ਦੀਆਂ ਭੁਲੇਖਾਪਾਊ ਅਤੇ ਭ੍ਰਿਸ਼ਟ ਕਾਰਵਾਈਆਂ ਤੋਂ ਸੁਚੇਤ ਕੀਤਾ ਸੀ। ਉਸ ਦਾ ਦਾਅਵਾ ਸੀ ਕਿ ਤਾਰਾ ਸਿੰਘ ਜੋ ਮੁੱਢਲੇ ਤੌਰ ‘ਤੇ ਇਕ ਹਿੰਦੂ ਪਰਵਾਰ ਨਾਲ ਸਬੰਧਤ ਗ਼ੈਰ-ਅੰਮ੍ਰਿਤਧਾਰੀ ਵਿਅਕਤੀ ਹੈ ਪਾਕਿਸਤਾਨ ਸਥਿਤ ਸਿੱਖ ਧਾਰਮਕ ਅਸਥਾਨਾਂ ਬਾਰੇ ਵਿਦੇਸ਼ਾਂ ਵਿਚ ਜਾ ਕੇ ਭੁਲੇਖਾਪਾਊ ਪ੍ਰਚਾਰ ਕਰਦਿਆਂ ਗੁਰੂ ਘਰ ਦਾ ਲੱਖਾਂ ਰੁਪਿਆ ਖੁਰਦ ਬੁਰਦ ਕਰ ਰਿਹਾ ਹੈ।
ਗੁਲਾਬ ਸਿੰਘ ਮੁਤਾਬਕ 240 ਕਨਾਲ 16 ਮਰਲੇ ਵਿਚ ਪੁਰਾ ਪਿੰਡ ਵਸਿਆ ਹੋਇਆ ਹੈ। ਪੂਰੇ ਪਿੰਡ ਵਿਚ ਸਿਰਫ਼ ਉਸ ਦੇ ਹੀ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਦਕਿ ਉਹ ਜਿਥੇ ਰਹਿੰਦੇ ਹਨ, ਉਹ ਥਾਂ ਓਕਾਫ਼ ਬੋਰਡ ਦੀ ਨਹੀਂ ਹੈ। ਗੁਲਾਬ ਸਿੰਘ ਨੇ ਦਸਿਆ ਕਿ ਇਹ ਸਾਰਾ ਕੁੱਝ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਵਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਤੇ ਉਸ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਹੈ।

Leave a Reply

Your email address will not be published.