ਮੁੱਖ ਖਬਰਾਂ
Home / ਪੰਜਾਬ / ਪੰਜਾਬ ਸਰਕਾਰ ਨੇ ਨਸ਼ਈਆਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿਤੀ

ਪੰਜਾਬ ਸਰਕਾਰ ਨੇ ਨਸ਼ਈਆਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿਤੀ

Spread the love

ਚੰਡੀਗੜ੍ਹ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਦੇ ਮੱਥੇ ਤੋਂ ਨਸ਼ਈਆਂ ਦਾ ਕਲੰਕ ਧੋਣ ਲਈ ਹੋਰ ਦ੍ਰਿੜ ਹੋ ਗਏ ਹਨ। ਸਰਕਾਰ ਦੇ ਹਰ ਵਿਭਾਗ ਨੇ ਨਸ਼ਿਆਂ ਦੀ ਲਾਇਲਾਜ ਬੀਮਾਰੀ ਨੂੰ ਚੁਫੇਰਿਉਂ ਘੇਰਨ ਲਈ ਸਰਗਰਮੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਤੋਂ ਪਹਿਲਾਂ ਸਰਕਾਰ ਪੰਜਾਬੀਆਂ ਦੇ ਮੱਥੇ ਤੋਂ ‘ਕੁੜੀ ਮਾਰਾਂ’ ਦਾ ਕਲੰਕ ਪੂਰੀ ਤਰ੍ਹਾਂ ਖ਼ਤਮ ਨਹੀਂ ਤਾਂ ਮੱਧਮ ਕਰਨ ਵਿਚ ਜ਼ਰੂਰ ਸਫ਼ਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਕ ਅਹਿਮ ਫ਼ੈਸਲਿਆਂ ਲੈਂਦਿਆਂ ਲੋੜਵੰਦ ਨਸ਼ਈਆਂ ਨੂੰ ਸਰਕਾਰੀ ਨਸ਼ਾ ਛੁਡਾਉ ਕੇਂਦਰਾਂ ਵਿਚ ਮੁਫ਼ਤ ਇਲਾਜ ਦੀ ਸਹੂਲਤ ਦੇਣ ਦਾ ਐਲਾਨ ਕਰ ਦਿਤਾ ਹੈ।
ਮੁੱਖ ਮੰਤਰੀ ਕੈਂਸਰ ਦੇ ਮਰੀਜ਼ਾਂ ਦੀ ਤਰਜ਼ ‘ਤੇ ਨਸ਼ਈਆਂ ਨੂੰ ਵੀ ਇਲਾਜ ਕਰਾਉਣ ਲਈ ਮੁਫ਼ਤ ਬੱਸ ਸਫ਼ਰ ਦਾ ਲਾਭ ਦੇਣ ਦੀ ਯੋਜਨਾ ਬਣਾ ਰਹੇ ਹਨ। ਮਰੀਜ਼ਾਂ ਨਾਲ ਇਕ ਸਹਾਇਕ ਨੂੰ ਵੀ ਮੁਫ਼ਤ ਸਫ਼ਰ ਦੀ ਸਹੂਲਤ ਦਿਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿਤੇ ਹਨ ਕਿ ਨਿਜੀ ਨਸ਼ਾ ਛੁਡਾਊ ਕੇਂਦਰਾਂ ਨੂੰ ਮਰੀਜ਼ਾਂ ਦਾ ਇਲਾਜ ਸਰਕਾਰੀ ਦਰਾਂ ‘ਤੇ ਕਰਨ ਲਈ ਪ੍ਰੇਰਿਆ ਜਾਵੇ। ਇਲਾਜ ਦੀ ਸਹੂਲਤ ਨੂੰ ਸਿਰੇ ਚੜ੍ਹਾਉਣ ਲਈ ਉਨ੍ਹਾਂ ਨੇ ਮੁੱਖ ਮੰਤਰੀ ਰਾਹਤ ਫ਼ੰਡ ਵਿਚੋਂ ਵੀ ਪੈਸਾ ਰੀਲੀਜ਼ ਕਰਨ ਦੀ ਪੇਸ਼ਕਸ਼ ਕੀਤੀ ਹੈ।
ਸਿਹਤ ਵਿਭਾਗ ਨੇ ਰਾਜ ਭਰ ਵਿਚ ਡਿਸਪੋਜ਼ੇਬਲ ਸਰਿੰਜਾਂ ਦੀ ਵਿਕਰੀ ‘ਤੇ ਰੋਕ ਲਾ ਦਿਤੀ ਹੈ। ਨਵੇਂ ਫ਼ੈਸਲੇ ਮੁਤਾਬਕ ਕੈਮਿਸਟ ਦੀ ਦੁਕਾਨ ਤੋਂ ਸਰਿੰਜਾਂ ਸਿਰਫ਼ ਡਾਕਟਰ ਦੀ ਪਰਚੀ ‘ਤੇ ਹੀ ਮਿਲਣਗੀਆਂ। ਕੈਮਿਸਟਾਂ ਵਾਸਤੇ ਸਰਿੰਜ ਵਿਕਰੀ ਦਾ ਬਿਲ ਕਟਣਾ ਜ਼ਰੂਰੀ ਕਰ ਦਿਤਾ ਗਿਆ ਹੈ। ਪੇਂਡੂ ਪੰਚਾਇਤ ਤੇ ਵਿਕਾਸ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੇਂਡੂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰੂਰਲ ਮੈਡੀਕਲ ਅਫ਼ਸਰਾਂ ਦਾ ਸਿਹਤ ਵਿਭਾਗ ਵਿਚ ਰਲੇਵਾਂ ਇਕ ਸਾਲ ਲਈ ਟਾਲ ਦਿਤਾ ਹੈ। ਉਨ੍ਹਾਂ ਅੱਜ ਰੂਰਲ ਮੈਡੀਕਲ ਅਫ਼ਸਰਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨਾਲ ਇਕ ਮੀਟਿੰਗ ਕਰ ਕੇ ਕਿਹਾ ਹੈ ਕਿ 15 ਅਗੱਸਤ
2019 ਤਕ ਉਹ ਜ਼ਿਲ੍ਹਾ ਪ੍ਰੀਸ਼ਦਾਂ ਦੀ ਡਿਸਪੈਂਸਰੀਆਂ ਵਿਚ ਹੀ ਕੰਮ ਕਰਦੇ ਰਹਿਣਗੇ ਅਤੇ ਸਿਹਤ ਵਿਭਾਗ ਵਿਚ ਰਲੇਵਾਂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਰੂਰਲ ਮੈਡੀਕਲ ਅਫ਼ਸਰਾਂ ‘ਤੇ ਇਹ ਸ਼ਰਤ ਲਗਾਈ ਕਿ ਉਹ ਪੇਂਡੂ ਖੇਤਰ ਵਿਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਦਿਨ-ਰਾਤ ਇਕ ਕਰ ਦੇਣ। ਉਨ੍ਹਾਂ ਨੇ ਡਾਕਟਰਾਂ ਨੂੰ ਪੇਂਡੂ ਡਿਸਪੈਂਸਰੀਆਂ ਵਿਚੋਂ ਉਨ੍ਹਾਂ ‘ਤੇ ਗ਼ੈਰ ਹਾਜ਼ਰੀ ਦੇ ਲਗਦੇ ਦੋਸ਼ਾਂ ਨੂੰ ਦੂਰ ਕਰਨ ਦੀ ਤਾੜਨਾ ਕੀਤੀ ਹੈ ਅਤੇ ਨਾਲ ਹੀ ਵਧੀਆ ਕਾਰਗੁਜ਼ਾਰੀ ਲਈ ਵਿੱਤੀ ਲਾਭ ਦੇਣ ਦਾ ਲਾਲਚ ਵੀ ਦਿਤਾ ਹੈ।
ਪੇਂਡੂ ਡਿਸਪੈਂਸਰੀਆਂ ਦੀ ਗਿਣਤੀ 1186 ਹੈ ਅਤੇ ਇਨ੍ਹਾਂ ਵਿਚੋਂ 546 ਖ਼ਾਲੀ ਪਈਆਂ ਹਨ। ਮੰਤਰੀ ਨਾਲ ਹੋਈ ਮੀਟਿੰਗ ਵਿਚ ਐਸੋਸੀਏਸ਼ਨ ਦੇ ਨੇਤਾ ਡਾ. ਜੇਪੀ ਨਰੂਲਾ, ਡਾ. ਜੇਐਸ ਬਾਜਵਾ, ਡਾ. ਆਨੰਦ ਮਲਹੋਤਰਾ, ਡਾ. ਰਾਹੁਲ ਅਤੇ ਡਾ. ਜਸਵਿੰਦਰ ਕੌਰ ਆਦਿ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਅੱਜ ਸਾਰਾ ਦਿਨ ਨਸ਼ਿਆਂ ਨੂੰ ਠਲ੍ਹ ਪਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਮੀਟਿੰਗਾਂ ਚਲਦੀਆਂ ਰਹੀਆਂ।

Leave a Reply

Your email address will not be published.