ਮੁੱਖ ਖਬਰਾਂ
Home / ਪੰਜਾਬ / ਮੁੱਖ ਮੰਤਰੀ ਵੱਲੋਂ ‘ਵਨ ਰੈਂਕ ਅੱਪ ਪ੍ਰੋਮੋਸ਼ਨ’ ਸਕੀਮ ਦੀ ਸ਼ੁਰੂਆਤ

ਮੁੱਖ ਮੰਤਰੀ ਵੱਲੋਂ ‘ਵਨ ਰੈਂਕ ਅੱਪ ਪ੍ਰੋਮੋਸ਼ਨ’ ਸਕੀਮ ਦੀ ਸ਼ੁਰੂਆਤ

Spread the love

ਹੁਸ਼ਿਆਰਪੁਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਕਰਮਚਾਰੀਆਂ ਲਈ ਯਕੀਨਨ ਸੇਵਾ ਤਰੱਕੀ (ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ) ਲਈ ‘ਇੱਕ ਰੈਂਕ ਅੱਪ ਪ੍ਰਮੋਸ਼ਨ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਪੁਲੀਸ ਵਿਚ ਤਾਇਨਾਤ ਕੋਈ ਵੀ ਕਰਮਚਾਰੀ ਏ.ਐਸ.ਆਈ ਦੇ ਅਹੁਦੇ ’ਤੇ ਪਦਉਨਤ ਹੋਣ ਤੋਂ ਪਹਿਲਾਂ ਸੇਵਾ-ਮੁਕਤ ਨਹੀਂ ਹੋਵੇਗਾ। ਮੁੱਖ ਮੰਤਰੀ ਅੱਜ ਪੀ.ਆਰ.ਟੀ.ਸੀ. ਜਹਾਨਖੇਲਾਂ ਵਿੱਚ ਸਿਖਲਾਈ ਹਾਸਲ ਕਰ ਚੁੱਕੇ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਕਿ ਪੁਲੀਸ ਵਿੱਚ ਹੈੱਡ ਕਾਂਸਟੇਬਲ ਅਤੇ ਨਾਨ-ਗਜ਼ਟਿਡ ਅਫ਼ਸਰਾਂ ਦੇ ਰੈਂਕਾਂ ਵਿੱਚ ਖੜ੍ਹੋਤ ਆ ਜਾਣ ਕਾਰਨ ਫੋਰਸ ਵਿੱਚ ਨਿਰਾਸ਼ਾ ਵਧ ਰਹੀ ਸੀ ਕਿਉਂਕਿ ਬਹੁਤ ਸਾਰੇ ਅਹੁਦੇ ਖਾਲੀ ਪਏ ਹੋਣ ਅਤੇ ਯੋਗ ਪੁਲੀਸ ਮੁਲਾਜ਼ਮ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਦਉੱਨਤੀ ਨਹੀਂ ਮਿਲ ਰਹੀ ਸੀ। ਐਸ਼ਿਓਰਡ ਕਰੀਅਰ ਪ੍ਰੋਗ੍ਰੈਸ਼ਨ (ਏ.ਸੀ.ਪੀ) ਸਕੀਮ ਨੂੰ ਰਸਮੀ ਤੌਰ ’ਤੇ ਜਾਰੀ ਕਰਦਿਆਂ ਉਨ੍ਹਾਂ ਨੇ ਤਰੱਕੀ ਲੈਣ ਵਾਲੇ 14 ਨਵੇਂ ਪੁਲੀਸ ਅਧਿਕਾਰੀਆਂ ਦੇ ਮੋਢਿਆਂ ’ਤੇ ਸਟਾਰ ਲਗਾਏ। ਇਸ ਸਕੀਮ ਤਹਿਤ 16 ਸਾਲਾਂ ਦੀ ਨੌਕਰੀ ਤੋਂ ਬਾਅਦ ਹੈੱਡ ਕਾਂਸਟੇਬਲ ਤੋਂ ਅਸਿਸਟੈਂਟ ਸਬ ਇੰਸਪੈਕਟਰ (ਏ.ਐਸ.ਆਈ), 24 ਸਾਲ ਦੀ ਨੌਕਰੀ ਮਗਰੋਂ ਅਸਿਸਟੈਂਟ ਸਬ ਇੰਸਪੈਕਟਰ (ਏ.ਐਸ.ਆਈ) ਤੋਂ ਸਬ-ਇੰਸਪੈਕਟਰ (ਐਸ.ਆਈ) ਅਤੇ 30 ਸਾਲ ਦੀ ਨੌਕਰੀ ਤੋਂ ਬਾਅਦ ਸਬ ਇੰਸਪੈਕਟਰ (ਐਸ.ਆਈ) ਤੋਂ ਇੰਸਪੈਕਟਰ ਵਜੋਂ ਤਰੱਕੀ ਦਾ ਉਪਬੰਧ ਕੀਤਾ ਗਿਆ ਹੈ।
ਪੀ.ਆਰ.ਟੀ.ਸੀ. ਵਿੱਚ ਭਰਤੀ ਜਵਾਨਾਂ ਨੂੰ ਦਿੱਤੀ ਜਾਣ ਵਾਲੀ ਟਰੇਨਿੰਗ ਨੂੰ ਇੰਡੀਅਨ ਮਿਲਟਰੀ ਅਕੈਡਮੀ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਵਰਗੀਆਂ ਵੱਕਾਰੀ ਸੰਸਥਾਵਾਂ ਦੇ ਬਰਾਬਰ ਦੱਸਦਿਆਂ ਮੁੱਖ ਮੰਤਰੀ ਨੇ ਟਰੇਨਿੰਗ ਸੈਂਟਰ ਦੇ ਮੌਜੂਦਾ ਢਾਂਚੇ ਦੀ ਅਪਗ੍ਰੇਡੇਸ਼ਨ ਲਈ ਸੂਬੇ ਦੇ ਬਜਟ ’ਚੋਂ 5 ਕਰੋੜ ਰੁਪਏ ਅਤੇ ਆਪਣੇ ਅਖਤਿਆਰੀ ਫੰਡ ਵਿੱਚੋਂ 50 ਲੱਖ ਰੁਪਏ ਪੁਲੀਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੂੰ 9 ਮਹੀਨਿਆਂ ਦੀ ਸਖਤ ਟਰੇਨਿੰਗ ਤੋਂ ਬਾਅਦ ਪਾਸ ਆਊਟ ਕਰ ਚੁੱਕੇ 255ਵੇਂ ਬੈਚ ਦੇ ਜਵਾਨਾਂ ਵੱਲੋਂ ਸ਼ਾਨਦਾਰ ਸਲਾਮੀ ਦਿੱਤੀ ਗਈ। ਮੁੱਖ ਮੰਤਰੀ ਨੇ ਪੁਲੀਸ ਵੱਲੋਂ ਸੂਬੇ ਵਿੱਚੋਂ ਅਤਿਵਾਦ ਨੂੰ ਖਤਮ ਕਰਨ ਲਈ ਲੜੀ ਲੜਾਈ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬ ਪੁਲੀਸ ਨੇ 1800 ਸ਼ਹਾਦਤਾਂ ਦੇ ਕੇ ਸੂਬੇ ਵਿਚ ਅਮਨ-ਸ਼ਾਂਤੀ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਾਫ਼ ਤੌਰ ’ਤੇ ਚਿਤਾਵਨੀ ਦਿੱਤੀ ਗਈ ਹੈ ਕਿ ਜਾਂ ਤਾਂ ਉਹ ਇਹ ਰਾਹ ਛੱਡ ਦੇਣ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਮੁੱਖ ਮੰਤਰੀ ਨੇ ਪਾਸ ਆਊਟ ਹੋਏ 2068 ਨਵਨਿਯੁਕਤ ਕਾਂਸਟੇਬਲਾਂ ਨੂੰ ਭਾਰਤੀ ਸੰਵਿਧਾਨ ਤੇ ਆਪਣੀ ਡਿਊਟੀ ਪ੍ਰਤੀ ਸਮਰਪਿਤ ਰਹਿਣ ਦੀ ਸਹੁੰ ਵੀ ਚੁਕਾਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ.ਜੀ.ਪੀ ਸੁਰੇਸ਼ ਅਰੋੜਾ ਵੱਲੋਂ ਇਨਡੋਰ ਵਿਸ਼ੇ ਵਿੱਚ ਓਵਰਆਲ ਟਾਪਰ ਰਹੇ ਫਾਜ਼ਿਲਕਾ ਦੇ ਕਾਂਸਟੇਬਲ ਮਨਪ੍ਰੀਤ ਸਿੰਘ ਅਤੇ ਆਊਟਡੋਰ ਵਿਸ਼ੇ ਵਿੱਚ ਟਾਪਰ ਰਹੇ ਲੁਧਿਆਣਾ ਦੇ ਸੁਰਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।

Leave a Reply

Your email address will not be published.