ਮੁੱਖ ਖਬਰਾਂ
Home / ਪੰਜਾਬ / ਕਿਸਾਨਾਂ ਵੱਲੋਂ 16 ਘੰਟੇ ਬਿਜਲੀ ਲੈਣ ਲਈ 13 ਜ਼ਿਲ੍ਹਿਆਂ ਵਿੱਚ ਧਰਨੇ

ਕਿਸਾਨਾਂ ਵੱਲੋਂ 16 ਘੰਟੇ ਬਿਜਲੀ ਲੈਣ ਲਈ 13 ਜ਼ਿਲ੍ਹਿਆਂ ਵਿੱਚ ਧਰਨੇ

Spread the love

ਚੰਡੀਗੜ੍ਹ-ਕਈ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਮਗਰੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ’ਤੇ ਕਿਸਾਨਾਂ ਨੇ 16 ਘੰਟੇ ਰੋਜ਼ਾਨਾ ਬਿਜਲੀ ਦੀ ਮੰਗ ਨੂੰ ਲੈ ਕੇ 13 ਜ਼ਿਲ੍ਹਿਆਂ ਵਿੱਚ ਪਾਵਰਕੌਮ ਦੇ 20 ਐਕਸੀਐਨ ਅਤੇ 10 ਐਸਡੀਓ ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਧਰਨਿਆਂ ਵਿੱਚ ਕਈ ਥਾਈਂ ਔਰਤਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਸ਼ਾਮਲ ਹੋਏ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਂਕਰੀ ਕਲਾਂ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁਖ ਬੁਲਾਰਿਆਂ ’ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੰਗਠਨ ਸਕੱਤਰ ਹਰਦੀਪ ਸਿੰਘ ਟੱਲੇਵਾਲ, ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਹਰਿੰਦਰ ਕੌਰ ਬਿੰਦੂ ਤੋਂ ਇਲਾਵਾ ਸਮੂਹ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ ਤੇ ਹੋਰ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਅੱਜ ਤੋਂ ਹੀ ਪੂਰੀ ਬਿਜਲੀ ਦੇਣ ਦੀ ਮੰਗ ਉੱਤੇ ਜ਼ੋਰ ਦਿੰਦਿਆਂ ਦਾਅਵਾ ਕੀਤਾ ਕਿ ਜੇਕਰ ਪਿਛਲੇ ਮਹੀਨੇ ਕਿਸਾਨਾਂ ਵੱਲੋਂ ਪਛੇਤੇ ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ ਵਧਾ ਕੇ 24% ਕਰਨ ਦੀ ਮੰਗ ਮੰਨ ਲਈ ਜਾਂਦੀ ਤਾਂ ਝੋਨਾ 20 ਜੂਨ ਤੋਂ ਲਾਇਆ ਜਾ ਸਕਦਾ ਸੀ। ਕਿਉਂਕਿ ਪਿਛਲੇ ਸਾਲ ਨਮੀ ਵਧੇਰੇ ਹੋਣ ਦੀ ਆੜ ’ਚ ਖਰੀਦ ਇੰਸਪੈਕਟਰਾਂ ਤੇ ਵਪਾਰੀਆਂ/ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਪ੍ਰਤੀ ਕੁਇੰਟਲ 5 ਤੋਂ 7 ਕਿਲੋਗ੍ਰਾਮ ਕਾਟ ਰਾਹੀਂ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਗਈ ਸੀ। ਲਿਹਾਜ਼ਾ ਕਿਸਾਨਾਂ ਨੂੰ ਮਜਬੂਰਨ 10 ਜੂਨ ਤੋਂ ਝੋਨਾ ਲਾਉਣ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਆਗੂਆਂ ਨੇ ਝੋਨਾ ਵਾਹੁਣ ਆਏ ਅਧਿਕਾਰੀਆਂ ਦਾ ਘਿਰਾਓ ਕਰਕੇ ਬੇਰੰਗ ਮੋੜਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅਦਾਲਤੀ ਕੇਸਾਂ ਦਾ ਦਬਾਓ ਨਾ ਮੰਨਿਆ ਜਾਵੇ ਕਿਉਂਕਿ ਪਰਾਲੀ ਸਾੜਨ ਦੇ ਕੇਸ ਕਿਸਾਨਾਂ ਦਾ ਕੁਝ ਨਹੀਂ ਵਿਗਾੜ ਸਕੇ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਧਰਤੀ ਹੇਠਲੇ ਪਾਣੀ ਦੀ ਅਸਲੀ ਬੱਚਤ ਮੀਹਾਂ ਤੇ ਹੜ੍ਹਾਂ ਦੇ ਪਾਣੀ ਨੂੰ ਰੀਚਾਰਜ ਕਰ ਕੇ ਅਤੇ ਫੈਕਟਰੀਆਂ ਉੱਪਰ ਪ੍ਰਦੂਸ਼ਣ ਰੋਕੂ ਐਕਟ ਸਖ਼ਤੀ ਨਾਲ ਲਾਗੂ ਕਰਕੇ ਹੋ ਸਕਦੀ ਹੈ। ਇਸ ਤੋਂ ਇਲਾਵਾ ਝੋਨੇ ਦੀ ਥਾਂ ਬਦਲਵੀਆਂ ਫ਼ਸਲਾਂ ਮੱਕੀ, ਦਾਲਾਂ, ਬਾਸਮਤੀ ਆਦਿ ਦੇ ਲਾਹੇਵੰਦ ਸਮਰਥਨ ਮੁੱਲ ਮਿਥਣ ਅਤੇ ਖਰੀਦ ਦੀ ਗਰੰਟੀ ਨਾਲ ਝੋਨੇ ਦੀ ਬਿਜਾਈ ਬਿਲਕੁਲ ਬੰਦ ਕੀਤੀ ਜਾ ਸਕਦੀ ਹੈ। ਜ਼ਿਲ੍ਹਾ ਸੰਗਰੂਰ ’ਚ 7 ਥਾਵਾਂ, ਬਠਿੰਡਾ ’ਚ 5, ਮੋਗੇ ਵਿੱਚ 4, ਲੁਧਿਆਣਾ, ਮਾਨਸਾ ਤੇ ਮੁਕਤਸਰ ਵਿੱਚ 2-2 ਅਤੇ ਬਰਨਾਲਾ, ਪਟਿਆਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ’ਚ ਇਕ ਇਕ ਥਾਂ ’ਤੇ ਧਰਨਾ ਲਾਇਆ ਗਿਆ। ਬੇਸ਼ੱਕ ਮੌੜ ਮੰਡੀ ਅਤੇ ਹੋਰ ਕਈ ਇਲਾਕਿਆਂ ’ਚ 8-10 ਘੰਟੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ ਹੈ, ਪ੍ਰੰਤੂ ਪੂਰੇ ਪੰਜਾਬ ਵਿੱਚ ਇਹ ਸਪਲਾਈ ਚਾਲੂ ਹੋਣ ਤੱਕ ਧਰਨੇ ਜਾਰੀ ਰੱਖੇ ਜਾਣਗੇ।

Leave a Reply

Your email address will not be published.