ਮੁੱਖ ਖਬਰਾਂ
Home / ਭਾਰਤ / ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਬੱਸ ਨੇ 9 ਵਿਦਿਆਰਥੀਆਂ ਨੂੰ ਦਰੜਿਆ, 7 ਦੀ ਮੌਤ

ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਬੱਸ ਨੇ 9 ਵਿਦਿਆਰਥੀਆਂ ਨੂੰ ਦਰੜਿਆ, 7 ਦੀ ਮੌਤ

Spread the love

ਕੰਨੌਜ (ਉਤਰ ਪ੍ਰਦੇਸ਼)-ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਸੋਮਵਾਰ ਸਵੇਰੇ ਵੱਡਾ ਸੜਕ ਹਾਦਸਾ ਵਾਪਰ ਗਿਆ। ਕੰਨੌਜ ਦੇ ਨੇੜੇ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਤੇਜ਼ ਰਤਫ਼ਾਰ ਰੋਡਵੇਜ਼ ਬੱਸ ਨੇ 9 ਵਿਦਿਆਰਥੀਆਂ ਨੂੰ ਦਰੜ ਦਿਤਾ। ਵਿਦਿਆਰਥੀ ਸੰਤ ਕਬੀਰ ਨਗਰ ਦੇ ਖਲੀਲਾਬਾਦ ਤੋਂ ਹਰਿਦੁਆਰਾ ਜਾ ਰਹੇ ਸਨ। ਇਸ ਹਾਦਸੇ ਵਿਚ 6 ਵਿਦਿਆਰਥੀ ਅਤੇ ਇਕ ਅਧਿਆਪਕ ਦੀ ਦਰਦਨਾਕ ਮੌਤ ਹੋ ਗਈ, ਜਦਕਿ ਤਿੰਨ ਵਿਦਿਆਰਥੀ ਜ਼ਖ਼ਮੀ ਹੋ ਗਏ।
ਜ਼ਖ਼ਮੀ ਵਿਦਿਆਰਥੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲੇ ਸਾਰੇ ਵਿਦਿਆਰਥੀ ਬੀਟੀਸੀ ਦੀ ਪੜ੍ਹਾਈ ਕਰ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦਾ ਗਰੁੱਪ ਸੰਤ ਕਬੀਰ ਨਗਰ ਦੇ ਖਲੀਲਾਬਾਦ ਦੇ ਪ੍ਰਭਾ ਦੇਵੀ ਕਾਲਜ ਤੋਂ ਐਜੂਕੇਸ਼ਨ ਟੂਰ ‘ਤੇ ਹਰਿਦੁਆਰ ਜਾ ਰਿਹਾ ਸੀ। ਵੱਖ-ਵੱਖ 10-12 ਬੱਸਾਂ ਵਿਚ 550 ਵਿਦਿਆਰਥੀ ਸਵਾਰ ਸਨ।
ਇੱਥੇ ਸੋਮਵਾਰ ਦੀ ਸਵੇਰ ਕਰੀਬ ਚਾਰ ਵਜੇ ਐਕਸਪ੍ਰੈੱਸ ਵੇਅ ‘ਤੇ ਤਿਰਵਾ ਕੋਤਵਾਲੀ ਖੇਤਰ ਵਿਚ ਇਕ ਜਾਂ ਦੋ ਬੱਸਾਂ ਵਿਚ ਤੇਲ ਖ਼ਤਮ ਹੋਣ ਜਾਂ ਕਿਸੇ ਤਕਨੀਕੀ ਖ਼ਰਾਬੀ ਦੇ ਕਾਰਨ ਸਾਰੀਆਂ ਬੱਸਾਂ ਨੂੰ ਕਿਨਾਰੇ ‘ਤੇ ਖੜ੍ਹੇ ਕਰ ਦਿਤਾ ਗਿਆ ਸੀ। ਉਨ੍ਹਾਂ ਹੀ ਬੱਸਾਂ ਵਿਚ ਸਵਾਰ ਵਿਦਿਆਰਥੀ ਅਤੇ ਅਧਿਆਪਕ ਹੇਠਾਂ ਉਤਰ ਕੇ ਟਹਿਲ ਰਹੇ ਸਨ। ਇਸੇ ਦੌਰਾਨ ਪਿਛੇ ਤੋਂ ਆਈ ਰੋਡਵੇਜ਼ ਦੀ ਬੱਸ ਨੇ ਟਹਿਲ ਰਹੇ ਵਿਦਿਆਰਥੀਆਂ, ਅਧਿਆਪਕ ਅਤੇ ਬੱਸ ਸਟਾਫ਼ ਨੂੰ ਦਰੜ ਦਿਤਾ।
ਇਸ ਹਾਦਸੇ ਵਿਚ ਪੰਜ ਵਿਦਿਆਰਥੀ ਅਤੇ ਇਕ ਅਧਿਆਪਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਤਿਰਵਾ ਦੇ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ। ਰਸਤੇ ਵਿਚ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਹੈ। ਪੁਲਿਸ ਨੇ ਹਾਦਸੇ ਦੀ ਜਾਣਕਾਰੀ ਸੰਤ ਕਬੀਰ ਨਗਰ ਪੁਲਿਸ ਨੂੰ ਦੇ ਦਿਤੀ ਹੈ।
ਇਸ ਹਾਦਸੇ ਦੌਰਾਨ ਜ਼ਖ਼ਮੀ ਹੋਣ ਵਾਲਿਆਂ ਵਿਚ ਚਿੰਤਾਹਰਨ ਪੁੱਤਰ ਰਾਜਾਰਾਮ ਬੱਸ ਦਾ ਕੰਡਕਟਰ, ਪ੍ਰਮੋਦ ਭਾਰਤੀ, ਬੱਸ ਦਾ ਡਰਾਈਵਰ ਰਾਧੇਸ਼ਿਆਮ, ਬੱਸ ਡਰਾਈਵਰ ਬਲਰਾਮ ਤਿਵਾੜੀ ਸ਼ਾਮਲ ਹਨ। ਇਸ ਹਾਦਸੇ ਵਿਚ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਵਿਚ ਅਧਿਆਪਕ ਵਿਜੇ ਕੁਮਾਰ, ਵਿਦਿਆਰਥੀ ਮਹੇਸ਼ ਕੁਮਾਰ ਗੁਪਤਾ ਮੋਤੀਨਗਰ ਖਲੀਲਾਬਾਦ, ਅਭੈ ਪ੍ਰਤਾਪ ਸਿੰਘ ਥਵਾਈ ਪਾਰ ਖਲੀਲਾਬਾਦ, ਮਿਥੀਲੇਸ਼ ਕੁਮਾਰ ਘਨਘਟਾ ਸੰਤ ਕਬੀਰ ਨਗਰ, ਵਿਸ਼ਾਲ ਕੁਮਾਰ ਸਹਿਜਨਵਾ ਗੋਰਖ਼ਪੁਰ, ਜਿਤੇਂਦਰ ਕੁਮਾਰ ਯਾਦਵ ਚਕੀਆ ਭੀਟੀ ਰਾਵਤ ਗੋਰਖ਼ਪੁਰ ਅਤੇ ਸਤੀਸ਼ ਜਗਦੀਸ਼ਪੁਰ ਸ਼ੁਕਲਿਆਨ ਸੰਤ ਕਬੀਰ ਨਗਰ ਦੇ ਨਾਂਅ ਸ਼ਾਮਲ ਹਨ।

Leave a Reply

Your email address will not be published.