ਮੁੱਖ ਖਬਰਾਂ
Home / ਭਾਰਤ / ਇਹ ਹੈ ਸਿਰਸਾ ਦਾ ਸਰਕਾਰੀ ਸਕੂਲ, ਜਿੱਥੇ ਟਰੇਨ ‘ਚ ਪੜ੍ਹਦੇ ਨੇ ਸਟੂਡੈਂਟਸ!

ਇਹ ਹੈ ਸਿਰਸਾ ਦਾ ਸਰਕਾਰੀ ਸਕੂਲ, ਜਿੱਥੇ ਟਰੇਨ ‘ਚ ਪੜ੍ਹਦੇ ਨੇ ਸਟੂਡੈਂਟਸ!

Spread the love

ਖੈਰੇਕਾਂ—ਕੰਮ ਕਰਨ ਦੀ ਇੱਛਾ ਹੋਵੇ ਤਾਂ ਕੁੱਝ ਵੀ ਅਸੰਭਵ ਨਹੀਂ ਹੈ । ਸਿਰਸੇ ਦੇ ਪਿੰਡ ਖੈਰੇਕਾਂ ਦੇ ਨੌਜਵਾਨਾਂ ਨੇ ਇਹ ਹੀ ਕਰ ਕੇ ਦਿਖਾਇਆ ਹੈ । ਪਿੰਡ ਵਾਲਿਆਂ ਨੇ ਮਿਲ ਕੇ ਪਿੰਡ ਵਿੱਚ ਸਥਿਤ ਪ੍ਰਾਇਮਰੀ ਕੰਨਿਆ ਸਕੂਲ ਦੀ ਇਮਾਰਤ ਨੂੰ ‘ਸਿੱਖਿਆ ਐਕਸਪ੍ਰੈਸ’ ਬਣਾ ਦਿੱਤਾ ਹੈ । ਇਸ ਸਰਕਾਰੀ ਸਕੂਲ ਨੂੰ ਟਰੇਨ ਵਾਂਗ ਬਣਾ ਦਿੱਤਾ ਗਿਆ ਹੈ ਤੇ ਵਿਦਿਆਰਥਣਾਂ ਇਸ ‘ਚ ਬੈਠ ਕੇ ਪੜ੍ਹਦੀਆਂ ਹਨ। ਹੁਣ ਵਿਦਿਆਰਥਣਾਂ (ਸਟੂਡੈਂਟਸ) ਸਕੂਲ ਵਿੱਚ ਖੁਸ਼ੀ-ਖੁਸ਼ੀ ਆਉਂਦੀਆਂ ਹਨ ਅਤੇ ਖੇਡ-ਖੇਡ ਵਿੱਚ ਸਿੱਖਿਆ ਪ੍ਰਾਪਤ ਕਰਦੀਆਂ ਹਨ । ਤਕਰੀਬਨ 60 ਹਜ਼ਾਰ ਰੁਪਏ ਦੀ ਸਹਾਇਤਾ ਨਾਲ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਗਿਆ। ਪਿੰਡ ਖੈਰੇਕਾਂ ਨਿਵਾਸੀ ਲਵਪ੍ਰੀਤ ਅਤੇ ਸੰਦੀਪ ਸੈਣੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਵਿੱਚ ਬਣੇ ਸਰਕਾਰੀ ਸਕੂਲ ਦੀ ਹਾਲਤ ਸੁਧਾਰਣ ਲਈ ਯੋਜਨਾ ਬਣਾਈ ਤਾਂ ਕਿ ਵਿਦਿਆਰਥਣਾਂ ਦਾ ਪੜ੍ਹਾਈ ‘ਚ ਰੁਝਾਨ ਵਧੇ।
ਸਰਕਾਰੀ ਸਕੂਲਾਂ ਦੀ ਅਣਦੇਖੀ ਕਾਰਨ ਜਿੱਥੇ ਪ੍ਰਾਈਵੇਟ ਸਕੂਲਾਂ ‘ਚ ਬੱਚਿਆਂ ਦੇ ਦਾਖ਼ਲੇ ਲਈ ਹਫੜਾ-ਦਫੜੀ ਮਚੀ ਹੋਈ ਹੈ , ਉੱਥੇ ਪਿੰਡ ਖੈਰੇਕਾਂ ਦੇ ਲੋਕਾਂ ਤੇ ਪਿੰਡ ਦੇ ਯੁਵਾ ਕਲੱਬ ਨੇ ਸਰਕਾਰੀ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਹੈ। ਸਕੂਲ ਦੇ ਕਮਰਿਆਂ ਨੂੰ ਹਾਈਟੈਕ ਬਣਾਇਆ ਗਿਆ ਹੈ ਤੇ ਸਕੂਲ ਦੇ ਬਰਾਂਡੇ ਨੂੰ ਰੇਲ ਗੱਡੀ ਦਾ ਰੂਪ ਦਿੱਤਾ ਗਿਆ ਹੈ।
ਜ਼ਿਲ੍ਹੇ ਵਿੱਚ ਆਪਣੀ ਤਰ੍ਹਾਂ ਦੇ ‘ਸਿੱਖਿਆ ਐਕਸਪ੍ਰੈਸ’ ਵਾਲੇ ਇਸ ਸਕੂਲ ਵਿੱਚ ਐੱਲ. ਈ. ਡੀ. ਸਮੇਤ ਕਈ ਤਰ੍ਹਾਂ ਦੀਆਂ ਅਤਿ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਪਿੰਡ ਦੇ ਯੁਵਾ ਕਲੱਬ ਵੱਲੋਂ ਬਣਾਏ ਗਏ ਇਸ ਹਾਈਟੈਕ ਸਕੂਲ ਵਿੱਚ ਪੰਜਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਸਕੂਲ ਦੀ ਪ੍ਰਿੰਸੀਪਲ ਸ਼ਾਲੂ ਰਾਣੀ ਅਤੇ ਅਧਿਆਪਕ ਭਾਰਤੀ ਰੋਹਿਲਾ ਨੇ ਦੱਸਿਆ ਕਿ ਪਹਿਲਾਂ ਸਕੂਲ ਵਿੱਚ 40-45 ਕੁੜੀਆਂ ਦਾ ਹੀ ਦਾਖ਼ਲਾ ਹੁੰਦਾ ਸੀ ਜਦੋਂ ਕਿ ਹੁਣ 145 ਲੜਕੀਆਂ ਦਾ ਸਕੂਲ ਵਿੱਚ ਦਾਖ਼ਲਾ ਹੈ।
ਬੱਚੀਆਂਂ ਖੇਡ-ਖੇਡ ਵਿੱਚ ਆਪਣੀ ਪੜ੍ਹਾਈ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਯੁਵਾ ਕਲੱਬ ਤੇ ਪੰਚਾਇਤ ਦੇ ਸਹਿਯੋਗ ਨਾਲ ਬਣਾਏ ਗਏ ਕਮਰਿਆਂ ਕਾਰਨ ਬੱਚੀਆਂ ਬਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਵਿਦਿਆਰਥਣਾਂ ਲਈ ਜਿੱਥੇ ਸਾਫ ਪੀਣ ਦੇ ਪਾਣੀ ਦੀ ਵਿਵਸਥਾ ਹੈ , ਉੱਥੇ ਹੀ ਉਨ੍ਹਾਂ ਲਈ ਵੱਖਰੇ ਬਾਥਰੂਮ ਵੀ ਬਣੇ ਹੋਏ ਹਨ।ਪਿੰਡ ਦੇ ਨੌਜਵਾਨਾਂ ਨੇ ‘ਨਹਿਰੂ ਜਵਾਨ ਕੇਂਦਰ’ ਨਾਲ ਮਿਲ ਕੇ ‘ਯੁਵਾ ਕਲੱਬ ਲਕਸ਼ – 2020 ਖੈਰੇਕਾਂ’ ਦੇ ਬੈਨਰ ਹੇਠ ਕੰਮ ਸ਼ੁਰੂ ਕੀਤਾ ਸੀ ।
ਕਲੱਬ ਦੇ ਮੈਂਬਰ ਸੰਦੀਪ ਸੈਣੀ ਨੇ ਦੱਸਿਆ ਕਿ ਉਨ੍ਹਾਂ ਦਾ ਟੀਚਾ ਇਹ ਸੀ ਕਿ ਗਰੀਬ ਬੱਚੀਆਂ ਨੂੰ ਵੀ ਪ੍ਰਾਈਵੇਟ ਸਕੂਲਾਂ ਦੀ ਤਰ੍ਹਾਂ ਹੀ ਸਕੂਲ ਵਿੱਚ ਸੁਵਿਧਾਵਾਂ ਮਿਲ ਸਕਣ ਅਤੇ ਬੱਚੀਆਂ ਨੂੰ ਬਾਲ ਮਨੋਵਿਗਿਆਨ ਮੁਤਾਬਕ ਹੀ ਸਿੱਖਿਆ ਮਿਲੇ । ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਹ ਵਿਭਾਗ ਨੂੰ ਚਿੱਠੀ ਲਿਖੇਗੀ ਤਾਂ ਕਿ ਸਕੂਲ ਨੂੰ ਹੋਰ ਗਰਾਂਟ ਮਿਲ ਸਕੇ।

Leave a Reply

Your email address will not be published.