ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਮਿਲਟਰੀ ਲੀਡਰਸ਼ਿਪ ਵੱਲੋਂ ਸ਼ਰੀਫ਼ ਦੇ ਬਿਆਨ ਦੀ ਨਿੰਦਾ

ਮਿਲਟਰੀ ਲੀਡਰਸ਼ਿਪ ਵੱਲੋਂ ਸ਼ਰੀਫ਼ ਦੇ ਬਿਆਨ ਦੀ ਨਿੰਦਾ

Spread the love

ਇਸਲਾਮਾਬਾਦ-ਮੁੰਬਈ ਹਮਲਿਆਂ ਬਾਰੇ ਵਿਵਾਦਪੂਰਨ ਟਿੱਪਣੀਆਂ ਕਰ ਕੇ ਪਾਕਿਸਤਾਨ ਦੀ ਸਿਵਲੀਅਨ ਤੇ ਫ਼ੌਜੀ ਲੀਡਰਸ਼ਿਪ ਦੇ ਨਿਸ਼ਾਨੇ ’ਤੇ ਆਏ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ ਹੈ।
ਕੌਮੀ ਸੁਰੱਖਿਆ ਕਮੇਟੀ ਐਨਐਸਸੀ ਨੇ ਕੱਲ੍ਹ ਆਪਣੀ ਇਕੱਤਰਤਾ ਵਿੱਚ ਸ਼ਰੀਫ਼ ਵੱਲੋਂ ਦਿੱਤੇ ਬਿਆਨ ਨੂੰ ਝੂਠਾ ਤੇ ਗੁਮਰਾਹਕੁਨ ਕਰਾਰ ਦਿੱਤਾ। ਬੈਠਕ ਦੀ ਸਦਾਰਤ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਨੇ ਕੀਤੀ ਤੇ ਇਸ ਵਿੱਚ ਕੈਬਨਿਟ ਮੰਤਰੀ, ਸੈਨਾਵਾਂ ਦੇ ਸੰਯੁਕਤ ਮੁਖੀ ਜਨਰਲ ਜ਼ੁਬੈਰ ਹਯਾਤ, ਤਿੰਨੋਂ ਸੈਨਾਵਾਂ ਦੇ ਮੁਖੀ, ਆਈਐਸਆਈ ਤੇ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਜਨਰਲ ਸ਼ਾਮਲ ਹੋਏ।
ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਐਨਐਸਸੀ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਅੱਬਾਸੀ ਨੇ ਸ੍ਰੀ ਸ਼ਰੀਫ਼ ਨਾਲ ਮੁਲਾਕਾਤ ਕੀਤੀ ਤੇ ਮੁੰਬਈ ਹਮਲਿਆਂ ਬਾਰੇ ਉਨ੍ਹਾਂ ਦੇ ਬਿਆਨ ਮੁਤੱਲਕ ਮਿਲਟਰੀ ਲੀਡਰਸ਼ਿਪ ਦੇ ਤੌਖਲਿਆਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।
ਜਵਾਬਦੇਹੀ ਅਦਾਲਤ ਵਿੱਚ ਸ਼ਰੀਫ਼ ਖ਼ਾਨਦਾਨ ਦੇ ਮੈਂਬਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਸੁਣਵਾਈ ਲਈ ਪੇਸ਼ ਹੋਣ ਤੋਂ ਬਾਅਦ ਸ੍ਰੀ ਸ਼ਰੀਫ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਨਐਸਸੀ ਦਾ ਬਿਆਨ ਗ਼ਲਤ, ਤਕਲੀਫ਼ਦੇਹ ਤੇ ਧਮਕੀ ਭਰਿਆ ਹੈ। ਉਨ੍ਹਾਂ ਦੇਸ਼ ਧਰੋਹ ਦੇ ਦੋਸ਼ਾਂ ਬਾਰੇ ਕੌਮੀ ਕਮਿਸ਼ਨ ਬਣਾਉਣ ਦੀ ਮੰਗ ਦੁਹਰਾਈ। ਉਨ੍ਹਾਂ ਕਿਹਾ ‘‘ ਸਾਨੂੰ ਇਹ ਪਤਾ ਲਾਉਣ ਦੀ ਲੋੜ ਹੈ ਕਿ ਦੇਸ਼ ਅੰਦਰ ਅਤਿਵਾਦ ਦੀ ਬੁਨਿਆਦ ਕਿਸਨੇ ਰੱਖੀ ਸੀ। ਪਾਕਿਸਤਾਨ ਅਲੱਗ ਥਲੱਗ ਪੈਂਦਾ ਨਹੀਂ ਜਾ ਰਿਹਾ ਸਗੋਂ ਅਲੱਗ ਥਲੱਗ ਪੈ ਚੁੱਕਿਆ ਹੈ। ਤੁਸੀਂ ਮੈਨੂੰ ਦੱਸੋ, ਕਿਹੜਾ ਦੇਸ਼ ਸਾਡੇ ਨਾਲ ਖਲੋਤਾ ਹੈ, ਕੋਈ ਵੀ ਨਹੀਂ।’’
ਪਾਕਿਸਤਾਨ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਸਿਆਸਤਦਾਨ ਮੰਗ ਕਰ ਰਹੇ ਹਨ ਕਿ ਨਵਾਜ਼ ਸ਼ਰੀਫ਼ ’ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਵੇ ਤੇ ਉਨ੍ਹਾਂ ਨੂੰ ਦੇਸ਼ ਛੱਡ ਕੇ ਦੌੜਨ ਤੋਂ ਰੋਕਿਆ ਜਾਵੇ।
ਉਧਰ ਪ੍ਰਧਾਨ ਮੰਤਰੀ ਅੱਬਾਸੀ ਨੇ ਕੌਮੀ ਅਸੈਂਬਲੀ ਵਿੱਚ ਸ੍ਰੀ ਸ਼ਰੀਫ਼ ਦਾ ਬਚਾਅ ਕਰਦਿਆਂ ਕਿਹਾ ਕਿ ਸੱਤਾਧਾਰੀ ਪੀਐਮਐਲ-ਐਨ ਦੇ ਆਗੂ ਦਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।

Leave a Reply

Your email address will not be published.