ਮੁੱਖ ਖਬਰਾਂ
Home / ਮੁੱਖ ਖਬਰਾਂ / ਕਰਨਾਟਕ ਦੀ ਵਿਕਾਸ ਯਾਤਰਾ ਨੂੰ ਲਤਾੜਨ ਨਹੀਂ ਦਿਆਂਗੇ : ਮੋਦੀ
New Delhi: Prime Minister Narendra Modi is greeted by BJP President Amit Shah as he arrives for BJP Parliamentary Board meeting after Karnataka Assembly elections result 2018, in New Delhi, on Tuesday. (PTI Photo/Kamal Kishore) (PTI5_15_2018_000209B)

ਕਰਨਾਟਕ ਦੀ ਵਿਕਾਸ ਯਾਤਰਾ ਨੂੰ ਲਤਾੜਨ ਨਹੀਂ ਦਿਆਂਗੇ : ਮੋਦੀ

Spread the love

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਪਾਰਟੀ ਰਾਜ ਦੇ ਵਿਕਾਸ ਦੀ ਯਾਤਰਾ ਨੂੰ ਉਲਟ ਪੁਲਟ ਹੋਣ ਦੀ ਆਗਿਆ ਨਹੀਂ ਦੇਵੇਗੀ। ਪਾਰਟੀ ਦੇ ਮੁੱਖ ਦਫ਼ਤਰ ਵਿੱਚ ਆਗੂਆਂ ਤੇ ਕਾਰਕੁਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ‘‘ ਮੈਂ ਕਰਨਾਟਕ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਭਾਜਪਾ ਰਾਜ ਦੇ ਵਿਕਾਸ ਦੀ ਯਾਤਰਾ ਨੂੰ ਲਤਾੜਨ ਦੀ ਆਗਿਆ ਨਹੀਂ ਦੇਵੇਗੀ। ਰਾਜ ਦਾ ਖ਼ੁਸ਼ਹਾਲ ਭਵਿੱਖ ਬਣਾ ਕੇ ਇਹ ਯਕੀਨੀ ਬਣਾਵੇਗੀ ਕਿ ਇਹ ਕਿਸੇ ਤੋਂ ਪਿੱਛੇ ਨਹੀਂ ਰਹੇ।’’ ਉਨ੍ਹਾਂ ਕਿਹਾ ਕਿ ਕਰਨਾਟਕ ਦੇ ਲੋਕਾਂ ਨੇ ਇਹ ਝੂਠ ਖਾਰਜ ਕਰ ਦਿੱਤਾ ਹੈ ਕਿ ਭਾਜਪਾ ਉੱਤਰ ਭਾਰਤ ਦੀ ਪਾਰਟੀ ਹੈ। ਕਾਂਗਰਸ ਦਾ ਨਾਂ ਲਏ ਬਗ਼ੈਰ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ’ਤੇ ਇਕ ਪਾਰਟੀ ਦਾ ਦਹਾਕਿਆਂਬੱਧੀ ਰਾਜ ਰਿਹਾ ਤੇ ਉਸ ਨੇ ਉੱਤਰ ਭਾਰਤ ਤੇ ਦੱਖਣ ਭਾਰਤ ਨੂੰ ਇਕ ਦੂਜੇ ਖ਼ਿਲਾਫ਼ ਖੜ੍ਹਾ ਕਰ ਕੇ ਸੰਵਿਧਾਨ ਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਤਹਿਸ ਨਹਿਸ ਕਰ ਦਿੱਤਾ ਤੇ ਦੂਜੇ ਪਾਸੇ ਕੇਂਦਰ ਤੇ ਰਾਜਾਂ ਦਰਮਿਆਨ ਤਣਾਅ ਵੀ ਪੈਦਾ ਕੀਤੇ। ਚੋਣਾਂ ਹੁੰਦੀਆਂ ਰਹਿੰਦੀਆਂ ਹਨ ਪਰ ਸੰਸਥਾਵਾਂ ਦਾ ਨੁਕਸਾਨ ਚਿੰਤਾ ਦਾ ਸਬੱਬ ਹੈ।ਉਨ੍ਹਾਂ ਰਾਜ ਵਿੱਚ ਮਿਲੇ ਦਸ ਹਜ਼ਾਰ ਵੋਟਰ ਕਾਰਡਾਂ ਦਾ ਮੁੱਦਾ ਮੁੜ ਉਭਾਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਦੀਆਂ ਕੁਝ ਗੜਬੜੀਆਂ ਸਾਹਮਣੇ ਆ ਗਈਆਂ ਹਨ ਤੇ ਅਜੇ ਬਹੁਤ ਸਾਰੀਆਂ ਢਕੀਆਂ ਹੋਈਆਂ ਹਨ। ਉਨ੍ਹਾਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਵੀ ਪ੍ਰਸੰਸਾ ਕੀਤੀ। ਇਸ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਰਨਾਟਕ ਦੇ ਲੋਕਾਂ ਨੇ ਕਾਂਗਰਸ ਦੀ ਵੰਸ਼ਵਾਦ ਦੀ ਰਾਜਨੀਤੀ ਨੂੰ ਰੱਦ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਵੱਛ ਸ਼ਾਸਨ’ ਉੱਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਵੱਛ, ਪਾਰਦਰਸ਼ੀ ਤੇ ਵਿਕਾਸ ਪੱਖੀ ਸਰਕਾਰ ਹੈ।
ਇਸ ਦੌਰਾਨ ਪਾਰਟੀ ਦੇ ਤਿੰਨ ਸੀਨੀਅਰ ਆਗੂਆਂ ਪ੍ਰਕਾਸ਼ ਜਾਵੜੇਕਰ, ਜੇਪੀ ਨੱਡਾ ਤੇ ਧਰਮੇਂਦਰ ਪ੍ਰਧਾਨ ਨੂੰ ਕਰਨਾਟਕ ਵਿੱਚ ਸਰਕਾਰ ਬਣਾਉਣ ਲਈ ਸੰਭਾਵੀ ਸਹਿਯੋਗੀ ਪਾਰਟੀਆਂ ਨਾਲ ਰਾਬਤਾ ਕਰਨ ਵਾਸਤੇ ਕਰਨਾਟਕ ਰਵਾਨਾ ਕੀਤਾ ਹੈ।

Leave a Reply

Your email address will not be published.