ਮੁੱਖ ਖਬਰਾਂ
Home / ਪੰਜਾਬ / ਖੇਮਕਰਨ ‘ਚ ਅਣਖ਼ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਕਤਲ

ਖੇਮਕਰਨ ‘ਚ ਅਣਖ਼ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਕਤਲ

Spread the love

ਖੇਮਕਰਨ-ਖੇਮਕਰਨ ਸ਼ਹਿਰ ਅੰਦਰ ਅਣਖ਼ ਖ਼ਾਤਰ ਘਟਨਾ ਨੂੰ ਅੰਜਾਮ ਦਿੰਦਿਆਂ ਇਕ ਜ਼ਿੰਮੀਦਾਰ ਪਰਿਵਾਰ ਵਲੋਂ ਪਹਿਲਾਂ ਆਪਣੀ ਲੜਕੀ ਦੇ ਪ੍ਰੇਮੀ ਨੂੰ ਤਸੀਹੇ ਦੇ ਕੇ ਮਾਰਨ ਉਪਰੰਤ ਆਪਣੀ ਲੜਕੀ ਨੂੰ ਵੀ ਕਤਲ ਕਰ ਦਿੱਤਾ ਤੇ ਲੜਕੇ ਦੀ ਲਾਸ਼ ਨੂੰ ਘਰ ਅੰਦਰ ਗਟਰ ‘ਚ ਸੁੱਟ ਦਿੱਤਾ ਗਿਆ। ਇਸ ਘਟਨਾ ਦਾ ਪਤਾ ਸਵੇਰੇ ਤੜਕੇ ਲੱਗਾ। ਥਾਣਾ ਖੇਮਕਰਨ ਦੀ ਪੁਲਿਸ ਵਲੋਂ 2 ਔਰਤਾਂ, 2 ਨਾਬਾਲਗ ਲੜਕਿਆਂ ਸਮੇਤ 8 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ। ਇਸ ਘਟਨਾ ਬਾਰੇ ਮਿਲੀ ਜਾਣਕਾਰੀ ਮੁਤਾਬਿਕ ਇਹ ਦੋਵੇਂ ਜ਼ਿਮੀਂਦਾਰ ਪਰਿਵਾਰਾਂ ਦੇ ਘਰ ਬਿਲਕੁਲ ਨਜ਼ਦੀਕ ਹੀ ਹਨ। ਕਤਲ ਹੋਏ ਲੜਕੇ ਹਸਨਪ੍ਰੀਤ ਸਿੰਘ (20) ਪੁੱਤਰ ਪਰਵਿੰਦਰ ਸਿੰਘ ਵਾਸੀ ਵਾਰਡ ਨੰਬਰ 2 ਦੇ ਨਜ਼ਦੀਕ ਹੀ ਰਹਿੰਦੀ ਲੜਕੀ ਰਮਨਦੀਪ ਕੌਰ (18) ਪੁੱਤਰੀ ਜਸਵੰਤ ਸਿੰਘ ਨਾਲ ਪ੍ਰੇਮ ਸੰਬੰਧ ਸਨ। ਇਸ ਕਾਰਨ ਪਹਿਲਾਂ ਵੀ ਇਕ ਦੋ ਵਾਰ ਦੋਵਾਂ ਪਰਿਵਾਰਾਂ ਦਰਮਿਆਨ ਗਰਮਾ-ਗਰਮੀ ਹੋ ਚੁੱਕੀ ਸੀ। ਲੜਕੇ ਹਸਨਪ੍ਰੀਤ ਸਿੰਘ ਦੀ ਪਸ਼ੂਆਂ ਦੀ ਹਵੇਲੀ ਨੂੰ ਰਸਤਾ ਲੜਕੀ ਵਾਲਿਆਂ ਦੇ ਦਰਵਾਜ਼ੇ ਅੱਗੇ ਜਾਂਦਾ ਹੈ। ਬੀਤੀ 13 ਮਈ ਦੀ ਦੁਪਹਿਰ ਨੂੰ ਹਸਨਪ੍ਰੀਤ ਸਿੰਘ ਆਪਣੇ ਘਰੋਂ ਪਸ਼ੂਆਂ ਨੂੰ ਚਾਰਾ ਪਾਉਣ ਗਿਆ। ਜਦ ਕਾਫ਼ੀ ਸਮਾਂ ਵਾਪਸ ਨਾ ਆਇਆ ਤਾਂ ਘਰ ਵਾਲਿਆਂ ਭਾਲ ਸ਼ੁਰੂ ਕਰ ਦਿੱਤੀ। ਉਸ ਦੇ ਮੋਬਾਈਲ ‘ਤੇ ਵੀ ਸੰਪਰਕ ਨਹੀਂ ਹੋ ਰਿਹਾ ਸੀ। ਕਾਫ਼ੀ ਸਮਾਂ ਭਾਲ ਕਰਨ ਉਪਰੰਤ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮਿਲੀ ਜਾਣਕਾਰੀ ਅਨੁਸਾਰ ਜਦ ਹਸਨਪ੍ਰੀਤ ਸਿੰਘ ਆਪਣੀ ਹਵੇਲੀ ਨੂੰ ਜਾਣ ਵਾਸਤੇ ਲੜਕੀ ਦੇ ਘਰ ਅੱਗੋਂ ਲੰਘਣ ਲੱਗਾ ਤਾਂ ਪਹਿਲਾਂ ਤੋਂ ਹੀ ਹਮਸਲਾਹ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਜਬਰਨ ਉਸ ਨੂੰ ਰੋਕ ਕੇ ਆਪਣੇ ਘਰ ਅੰਦਰ ਲੈ ਗਏ ਤੇ ਕਾਫ਼ੀ ਸਮਾਂ ਤਸੀਹੇ ਦੇ ਦੇ ਕੇ ਮਾਰ ਦਿੱਤਾ। ਪਹਿਲਾਂ ਲਾਸ਼ ਨੂੰ ਘਰ ਅੰਦਰ ਬਿਸਤਰਿਆਂ ਵਾਲੀ ਪੇਟੀ ਵਿਚ ਛੁਪਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿਚ ਘਰ ਅੰਦਰ ਫ਼ਲੱਸ਼ ਦੇ ਬਣੇ ਗਟਰ ਵਿਚ ਲੜਕੇ ਨੂੰ ਅਲਫ਼ ਨੰਗਾ ਕਰ ਕੇ ਸੁੱਟ ਦਿੱਤਾ ਤੇ ਬਾਅਦ ਵਿਚ ਆਪਣੀ ਲੜਕੀ ਰਮਨਦੀਪ ਕੌਰ ਦੇ ਸਿਰ ਵਿਚ ਸੱਟ ਮਾਰ ਕੇ ਮਾਰਨ ਉਪਰੰਤ ਲਾਸ਼ ਗਲੀ ਦੇ ਦੂਸਰੇ ਪਾਸੇ ਆਪਣੇ ਭਰਾ ਦੇ ਘਰ ਅੰਦਰ ਛੁਪਾ ਦਿੱਤੀ। ਅੱਜ ਸਵੇਰੇ ਪੁਲਿਸ ਨੇ ਹਰਕਤ ਵਿਚ ਆਉਂਦਿਆਂ ਜਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ। ਲੜਕੀ ਦੀ ਲਾਸ਼ ਘਰ ਅੰਦਰ ਇਕ ਪੁਰਾਣੇ ਕਮਰੇ ਵਿਚ ਬੋਰੀਆਂ ਦੇ ਟਾਟ ਵਿਚ ਲਪੇਟੀ ਪਈ ਸੀ ਤੇ ਲੜਕੇ ਦੀ ਲਾਸ਼ ਗਟਰ ਵਿਚ ਸੀ। ਇਸ ਘਟਨਾ ਦੇ ਸਬੰਧ ‘ਚ ਸਵੇਰੇ ਤੜਕੇ ਹੀ ਡੀ.ਐਸ.ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਤੇ ਐਸ.ਐਚ.ਓ. ਖੇਮਕਰਨ ਬਲਵਿੰਦਰ ਸਿੰਘ ਹੀ ਘਟਨਾ ਸਥਾਨ ‘ਤੇ ਮੌਜੂਦ ਸਨ। ਬਾਅਦ ਵਿਚ ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਭਿੱਖੀਵਿੰਡ ਜਸਬੀਰ ਸਿੰਘ ਦੀ ਹਾਜ਼ਰੀ ਵਿਚ ਪੁਲਿਸ ਵਲੋਂ ਜਸਵੰਤ ਸਿੰਘ ਜੱਸਾ ਨੂੰ ਮੌਕੇ ‘ਤੇ ਲਿਆ ਕੇ ਉਸ ਦੀ ਨਿਸ਼ਾਨਦੇਹੀ ‘ਤੇ ਲੜਕੇ ਦੀ ਲਾਸ਼ ਗਟਰ ‘ਚੋਂ ਕਢਵਾਈ। ਲੜਕੇ ਦੀ ਲਾਸ਼ ਜਗ੍ਹਾ-ਜਗ੍ਹਾ ਵਿੰਨੀ ਹੋਈ ਸੀ ਤੇ ਨਜ਼ਰ ਆ ਰਿਹਾ ਸੀ ਬੁਰੀ ਤਰ੍ਹਾਂ ਤਸੀਹੇ ਦੇ ਕੇ ਕਤਲ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਐਸ. ਐਸ. ਪੀ. ਦਰਸ਼ਨ ਸਿੰਘ ਮਾਨ ਵੀ ਮੌਕੇ ‘ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ ਤੇ ਲੜਕੇ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਥਾਣਾ ਖੇਮਕਰਨ ਦੇ ਐਸ. ਐਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਹਸਨਪ੍ਰੀਤ ਸਿੰਘ ਦੇ ਪਿਤਾ ਪਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਲੜਕੀ ਦੇ ਪਿਤਾ ਜਸਵੰਤ ਸਿੰਘ, ਉਸ ਦੇ ਦੋ ਭਰਾ ਹਰਪਾਲ ਸਿੰਘ ਤੇ ਸ਼ੇਰ ਸਿੰਘ ਪੁਤਰਾਨ ਕਾਬਲ ਸਿੰਘ, ਪ੍ਰਮਜੀਤ ਕੌਰ ਪਤਨੀ ਜਸਵੰਤ ਸਿੰਘ, ਮਨਪ੍ਰੀਤ ਕੌਰ ਪਤਨੀ ਹਰਪਾਲ ਸਿੰਘ, ਰਾਣਾ ਪੁੱਤਰ ਸ਼ੇਰ ਸਿੰਘ ਤੇ ਦੋ ਨਾਬਾਲਗ ਲੜਕੇ ਅਕਾਸ਼ ਪੁੱਤਰ ਜਸਵੰਤ ਸਿੰਘ ਤੇ ਘੁੱਲਾ ਪੁੱਤਰ ਬੋਹੜ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਤੇ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।

Leave a Reply

Your email address will not be published.