ਮੁੱਖ ਖਬਰਾਂ
Home / ਭਾਰਤ / ਕਾਂਗਰਸ ਨੂੰ ਧਮਕਾ ਰਹੇ ਹਨ ਮੋਦੀ ਡਾ: ਮਨਮੋਹਨ ਸਿੰਘ ਨੇ ਲਿਖੀ ਰਾਸ਼ਟਰਪਤੀ ਨੂੰ ਚਿੱਠੀ

ਕਾਂਗਰਸ ਨੂੰ ਧਮਕਾ ਰਹੇ ਹਨ ਮੋਦੀ ਡਾ: ਮਨਮੋਹਨ ਸਿੰਘ ਨੇ ਲਿਖੀ ਰਾਸ਼ਟਰਪਤੀ ਨੂੰ ਚਿੱਠੀ

Spread the love

ਨਵੀਂ ਦਿੱਲੀ-ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਰੋਧੀ ਧਿਰਾਂ ਲਈ ਵਰਤੀ ਜਾਣ ਵਾਲੀ ਭਾਸ਼ਾ ‘ਤੇ ਇਤਰਾਜ਼ ਪ੍ਰਗਟਾਇਆ ਹੈ। ਡਾ: ਮਨਮੋਹਨ ਸਿੰਘ ਸਮੇਤ ਕਾਂਗਰਸ ਦੇ ਕੁਝ ਨੇਤਾਵਾਂ ਵਲੋਂ ਲਿਖੀ ਚਿੱਠੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਲਈ ਬੇਲੋੜੀ ਅਤੇ ਧਮਕੀ ਭਰਿਆ ਲਹਿਜ਼ਾ ਵਰਤਣ ਦੇ ਖ਼ਿਲਾਫ਼ ਰਾਸ਼ਟਰਪਤੀ ਨੂੰ ਚਿਤਾਵਨੀ ਦੇਣ ਨੂੰ ਕਿਹਾ ਗਿਆ। ਚਿੱਠੀ ‘ਚ ਸਾਬਕਾ ਪ੍ਰਧਾਨ ਮੰਤਰੀ ਵਲੋਂ ਵਰਤੀ ਜਾਣ ਵਾਲੀ ਭਾਸ਼ਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਅਤੀਤ ‘ਚ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਜਨਤਕ ਜਾਂ ਨਿੱਜੀ ਸਮਾਗਮਾਂ ‘ਚ ਅਹੁਦੇ ਦੀ ਮਰਿਆਦਾ ਬਣਾਈ ਰੱਖੀ ਹੈ। ਉਨ੍ਹਾਂ ਨੇ ਅਜਿਹੀ ਭਾਸ਼ਾ ਪ੍ਰਤੀ ਨਾਖੁਸ਼ੀ ਜਤਾਉਂਦਿਆਂ ਕਿਹਾ ਕਿ ਇਕ ਲੋਕਰਾਜ ‘ਚ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਕਿ ਪ੍ਰਧਾਨ ਮੰਤਰੀ ਸਰਕਾਰ ਦੇ ਮੁਖੀ ਹੁੰਦਿਆਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਗੇ ਜੋ ਧਮਕੀ ਭਰੇ ਹੋਣਗੇ ਅਤੇ ਮੁੱਖ ਵਿਰੋਧੀ ਧਿਰ ਭਾਵ ਕਾਂਗਰਸ ਦੇ ਨੇਤਾਵਾਂ ਲਈ ਜਨਤਕ ਚਿਤਾਵਨੀ ਦਿੱਤੀ ਜਾਵੇਗੀ। ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਅਜਿਹੇ ਵਿਵਹਾਰ ਨੂੰ ਨਾਪ੍ਰਵਾਨਯੋਗ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਵਲੋਂ ਕਾਂਗਰਸ ਦੇ ਨੇਤਾਵਾਂ ਨੂੰ ਦਿੱਤੀ ਧਮਕੀ ਦੀ ਨਿਖੇਧੀ ਕੀਤੀ। ਚਿੱਠੀ ‘ਚ ਕਾਂਗਰਸੀ ਆਗੂਆਂ ਨੇ ਨਿਖੇਧੀ ਕਰਨ ਦੇ ਨਾਲ ਇਹ ਵੀ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਅਜਿਹੀਆਂ ਧਮਕੀਆਂ ਨਾਲ ਝੁਕਾਇਆ ਨਹੀਂ ਜਾ ਸਕਦਾ। ਕਾਂਗਰਸ ਵਲੋਂ ਆਪਣੀ ਚਿੱਠੀ ਨਾਲ 6 ਮਈ ਨੂੰ ਕਰਨਾਟਕ ਦੇ ਹੁਬਲੀ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਅੰਸ਼ ਵੀ ਰਾਸ਼ਟਰਪਤੀ ਨੂੰ ਭੇਜੇ, ਜਿਸ ਦਾ ਜ਼ਿਕਰ ਚਿੱਠੀ ‘ਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡਾ: ਮਨਮੋਹਨ ਸਿੰਘ ਨੇ ਪਿਛਲੇ ਹਫ਼ਤੇ ਪ੍ਰੈੱਸ ਕਾਨਫ਼ਰੰਸ ‘ਚ ਨੀਰਵ ਮੋਦੀ ਅਤੇ ਨੋਟਬੰਦੀ ਨੂੰ ਲੈ ਕੇ ਨਿਸ਼ਾਨਾ ਬਣਾਉਣ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਲਹਿਜ਼ੇ ‘ਤੇ ਵੀ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਰਿੰਦਰ ਮੋਦੀ ਹਰ ਦਿਨ ਆਪਣੇ ਵਿਰੋਧੀਆਂ ਦੇ ਖ਼ਿਲਾਫ਼ ਗੱਲਾਂ ਕਹਿਣ ਲਈ ਆਪਣੇ ਅਹੁਦੇ ਦਾ ਇਸਤੇਮਾਲ ਕਰ ਰਹੇ ਹਨ, ਅਜਿਹੀ ਦੁਰਵਰਤੋਂ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਏਨੇ ਹੇਠਲੇ ਪੱਧਰ ‘ਤੇ ਜਾਣਾ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ, ਇਹ ਦੇਸ਼ ਲਈ ਠੀਕ ਨਹੀਂ ਹੈ।

Leave a Reply

Your email address will not be published.