ਮੁੱਖ ਖਬਰਾਂ
Home / ਪੰਜਾਬ / ਕੋਲਿਆਂਵਾਲੀ ’ਤੇ ‘ਦਿਆਲ’ ਨਾ ਹੋਇਆ ਸਹਿਕਾਰਤਾ ਵਿਭਾਗ

ਕੋਲਿਆਂਵਾਲੀ ’ਤੇ ‘ਦਿਆਲ’ ਨਾ ਹੋਇਆ ਸਹਿਕਾਰਤਾ ਵਿਭਾਗ

Spread the love

ਚੰਡੀਗੜ੍ਹ-ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ ਕਰਜ਼ੇ ਦੇ ਡਿਫਾਲਟਰ ਸਿਆਸਤਦਾਨਾਂ ਅਤੇ ਰਸੂਖਦਾਰਾਂ ਖਿਲਾਫ਼ ਕੀਤੀ ਸਖ਼ਤੀ ਰੰਗ ਲਿਆਉਣ ਲੱਗੀ ਹੈ। ਵਿਵਾਦਤ ਅਕਾਲੀ ਨੇਤਾ ਦਿਆਲ ਸਿੰਘ ਕੋਲਿਆਂਵਾਲੀ ਵੀ ਕਰਜ਼ਾ ਵਾਪਸ ਕਰਨ ਦੇ ਰਾਹ ਪੈ ਗਏ ਹਨ। ਸਹਿਕਾਰਤਾ ਵਿਭਾਗ ਮੁਤਾਬਕ ਕੋਲਿਆਂਵਾਲੀ ਨੇ 30 ਲੱਖ ਰੁਪਏ ਦਾ ਕਰਜ਼ਾ ਮੋੜ ਦਿੱਤਾ ਹੈ ਅਤੇ 31 ਦਸੰਬਰ ਤੱਕ ਏਨੀ ਹੀ ਰਕਮ ਵਾਪਸ ਕਰਨ ਅਤੇ ਇੱਕ ਸਾਲ ਅੰਦਰ ਸਾਰਾ ਕਰਜ਼ਾ ਚੁਕਾਉਣ ਦਾ ਭਰੋਸਾ ਦਿੱਤਾ ਹੈ। ਉਧਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਕਰੀਬੀ ਨੇਤਾ ਦਿਆਲ ਸਿੰਘ ਕੋਲਿਆਂਵਾਲੀ ਦਾ ਬਚਾਅ ਕਰਨ ਲਈ ਔਖੀ ਘੜੀ ’ਚ ਪੂਰਾ ਸਾਥ ਦਿੱਤਾ। ਸਹਿਕਾਰਤਾ ਵਿਭਾਗ ਨਾਲ ਸਬੰਧਤ ਇੱਕ ਸੀਨੀਅਰ ਆਈਏਐਸ ਅਧਿਕਾਰੀ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਵੱਡੇ ਬਾਦਲ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕਰਕੇ ਕੋਲਿਆਂਵਾਲੀ ਨਾਲ ‘ਨਰਮੀ’ ਵਰਤਣ ਦੀ ਅਪੀਲ ਕੀਤੀ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੱਕ ਵੀ ਪਹੁੰਚ ਕਰਨ ਦੇ ਯਤਨ ਕੀਤੇ। ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਬਾਦਲ ਨੂੰ ਇੱਕ ਗੱਲ ਸਪੱਸ਼ਟ ਕਰ ਦਿੱਤੀ ਗਈ ਸੀ ਕਿ ਜਥੇਦਾਰ ਕੋਲਿਆਂਵਾਲੀ ਦਾ ਬਚਾਅ ਸਿਰਫ਼ ਕਰਜ਼ੇ ਦੀ ਰਕਮ ਭਰਨ ਨਾਲ ਹੀ ਹੋ ਸਕਦਾ ਹੈ।
ਬਦਲੇ ਹੋਏ ਰਾਜਸੀ ਹਾਲਾਤ ਨੂੰ ਦੇਖਦਿਆਂ ਸ੍ਰੀ ਬਾਦਲ ਨੇ ਆਪਣੇ ਕਰੀਬੀ ਨੂੰ ਕਰਜ਼ਾ ਵਾਪਸ ਕਰਨ ਦੀ ਸਲਾਹ ਦਿੱਤੀ। ਸਹਿਕਾਰੀ ਬੈਂਕ ਦੇ ਵੱਡੇ ਦੇਣਦਾਰਾਂ ਖਿਲਾਫ਼ ਕਾਰਵਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਮਗਰੋਂ ਦੇਣਦਾਰਾਂ ਵੱਲੋਂ ਅੱਜ ਤੱਕ 5 ਕਰੋੜ ਰੁਪਏ ਜਮਾਂ ਕਰਵਾ ਦਿੱਤੇ ਗਏ ਹਨ। ਵਿਭਾਗ ਮੁਤਾਬਕ ਪੰਜਾਬ ਖੇਤੀਬਾੜੀ ਵਿਕਾਸ ਬੈਂਕ ਮਲੋਟ ਦੇ ਵੱਡੇ ਦੇਣਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਪਰਿਵਾਰ ਵੱਲੋਂ 95,70,000 ਰੁਪਏ ਦੀ ਕੁੱਲ ਰਾਸ਼ੀ ਦੇ ਤਿੰਨ ਚੈਕ ਜਮਾਂ ਕਰਵਾਏ ਗਏ ਹਨ ਜਿਨ੍ਹਾਂ ਵਿੱਚੋਂ 30 ਲੱਖ ਰੁਪਏ ਦਾ ਚੈੱਕ ਅੱਜ ਦੀ ਤਰੀਕ ਵਿੱਚ ਜਮਾਂ ਕਰਵਾਇਆ ਗਿਆ ਜਦੋਂ ਕਿ ਦੋ ਚੈੱਕ ਅਗਲੀਆਂ ਤਰੀਕਾਂ ਵਿੱਚ ਭੁਗਤਾਏ ਜਾਣ ਵਾਲੇ ਹਨ। ਇਨ੍ਹਾਂ ਵਿੱਚੋਂ ਇਕ ਚੈੱਕ 33 ਲੱਖ ਰੁਪਏ ਦਾ 31 ਦਸੰਬਰ ਅਤੇ 32,70,000 ਰੁਪਏ ਦਾ ਚੈੱਕ 30 ਜੂਨ 2019 ਦੀ ਤਰੀਕ ਵਿੱਚ ਦਿੱਤਾ ਗਿਆ ਹੈ। ਕੋਲਿਆਂਵਾਲੀ ਦੇ ਪਰਿਵਾਰ ਨੇ ਪਿਛਲੇ 10 ਸਾਲਾਂ ਤੋਂ ਆਪਣੇ ਵੱਲ ਦੇਣਦਾਰੀ ਦੀ ਕੋਈ ਵੀ ਕਿਸ਼ਤ ਨਹੀਂ ਜਮਾਂ ਕਰਵਾਈ ਸੀ। ਕੋਲਿਆਂਵਾਲੀ ਨੂੰ ਨੋਟਿਸ ਜਾਰੀ ਨਾ ਕਰਨ ’ਤੇ ਸਹਿਕਾਰਤਾ ਮੰਤਰੀ ਵੱਲੋਂ ਮਲੋਟ ਦੇ ਖੇਤੀਬਾੜੀ ਵਿਕਾਸ ਬੈਂਕ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਮਲੋਟ ਦੇ ਸਹਾਇਕ ਰਜਿਸਟਰਾਰ ਨੂੰ ਨੋਟਿਸ ਭੇਜਣ ਲਈ ਕਿਹਾ ਸੀ। ਕੋਲਿਆਂਵਾਲੀ ਦੇ ਪਰਿਵਾਰ ਨੂੰ ਭੇਜੇ ਨੋਟਿਸ ਵਿੱਚ 23 ਮਈ ਤੱਕ ਰਕਮ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ ਜਿਸ ਮਗਰੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣੇ ਸਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਣਦਾਰਾਂ ਖਿਲਾਫ਼ ਕਾਰਵਾਈ ਕਰਨ ਵਾਲੇ ਡਿਪਟੀ ਰਜਿਸਟਰਾਰਾਂ ਅਤੇ ਸਹਾਇਕ ਰਜਿਸਟਰਾਰਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ। ਪਿਛਲੇ ਦਿਨੀਂ ਜਗਦੀਸ਼ ਰਾਜ ਸਾਹਨੀ ਦੇ ਪਰਿਵਾਰ ਵੱਲੋਂ 20.90 ਲੱਖ ਰੁਪਏ ਜਮਾਂ ਕਰਵਾਏ ਗਏ ਸਨ। ਬੈਂਕ ਵੱਲ ਵੱਡੇ ਦੇਣਦਾਰਾਂ, ਜਿਹੜੇ ਰਕਮ ਵਾਪਸ ਕਰਨ ਦੀ ਸਮਰੱਥਾ ਰੱਖਦੇ ਹਨ, ਦਾ 276 ਕਰੋੜ ਰੁਪਏ ਖੜ੍ਹਾ ਹੈ। ਸਹਿਕਾਰਤਾ ਮੰਤਰੀ ਨੇ ਪਹਿਲੇ ਪੜਾਅ ਤਹਿਤ 20 ਵੱਡੇ ਦੇਣਦਾਰਾਂ ਨੂੰ ਨੋਟਿਸ ਜਾਰੀ ਕਰਨ ਨੂੰ ਕਿਹਾ ਸੀ ਜਿਸ ਮਗਰੋਂ ਬੈਂਕ ਵੱਲੋਂ ਵੱਡੇ ਦੇਣਦਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ।

Leave a Reply

Your email address will not be published.