ਗੋਲਡ ਕੋਸਟ-ਆਸਟ੍ਰੇਲੀਆ ਦੇ ਗੋਲਡ ਕੋਸਟ ਸ਼ਹਿਰ ਵਿਚ 21ਵੀਆਂ ਰਾਸ਼ਟਰਮੰਡਲ ਖੇਡਾਂ ਸਮਾਪਤ ਹੋ ਗਈਆਂ | ਇਸ ਵਾਰ ਭਾਰਤ ਨੇ 26 ਸੋਨ ਸਮੇਤ ਕੁੱਲ 66 ਤਗਮੇ ਜਿੱਤੇ | ਆਖਰੀ ਦਿਨ ਇਕ ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮਿਆਂ ਨਾਲ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਨੂੰ ਅਲਵਿਦਾ ਆਖਿਆ | ਇਸ ਤਰ੍ਹਾਂ ਭਾਰਤ ਇਸ ਵਾਰ ਦੀਆਂ ਰਾਸ਼ਟਰਮੰਡਲ ਖੇਡਾਂ ‘ਚ 26 ਸੋਨ, 20 ਚਾਂਦੀ, 20 ਕਾਂਸੀ ਦੇ ਤਗਮੇ ਅਤੇ ਕੁੱਲ 66 ਤਗਮੇ ਹਾਸਲ ਕਰਕੇ ਤਗਮਾ ਸੂਚੀ ‘ਚ ਤੀਜੇ ਸਥਾਨ ‘ਤੇ ਰਿਹਾ, ਜੋ ਗਲਾਸਗੋ ‘ਚ 2014 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਤੁਲਨਾ ‘ਚ 2 ਸਥਾਨ ਉੱਪਰ ਹੈ | ਭਾਰਤ ਦੇ ਨੌਜਵਾਨ ਤੇ ਅਨੁਭਵੀ ਖਿਡਾਰੀਆਂ ਦੇ ਮਿਸ਼ਰਣ ਨੇ ਇਸ ਵਾਰ ਸ਼ਾਨਦਾਰ ਨਤੀਜੇ ਦਿੱਤੇ ਹਨ | ਅੱਜ ਭਾਰਤ ਦੀਆਂ ਸਟਾਰ ਬੈਡਮਿੰਟਨ ਖਿਡਾਰਨਾਂ ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਵਿਚਕਾਰ ਸੋਨ ਤਗਮੇ ਲਈ ਮੁਕਾਬਲਾ ਹੋਇਆ ਜਿਸ ਵਿਚ ਸਾਇਨਾ ਨੇਹਵਾਲ ਨੇ ਪੀ.ਵੀ. ਸਿੰਧੂ ਨੂੰ ਹਰਾ ਕੇ ਸੋਨ ਤਗਮੇ ‘ਤੇ ਕਬਜ਼ਾ ਕੀਤਾ, ਜਦਕਿ ਵਿਸ਼ਵ ਨੰਬਰ ਇਕ ਬੈਡਮਿੰਟਨ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ | ਇਨ੍ਹਾਂ ਤੋਂ ਇਲਾਵਾ ਸਕੁਐਸ਼ ‘ਚ ਦੀਪਿਕਾ ਪੱਲੀਕਲ ਤੇ ਜੋਸ਼ਨਾ ਚਿਨੱਪਾ ਅਤੇ ਸਾਤਵਿਕ ਸਾਈਰਾਜ ਰੰਕੀਰੈਡੀ ਤੇ ਚਿਰਾਗ ਸ਼ੈਟੀ ਨੂੰ ਚਾਂਦੀ ਦੇ ਤਗਮੇ, ਜਦਕਿ ਟੇਬਲ ਟੈਨਿਸ ਜੋੜੀ ਮਨਿਕਾ ਬੱਤਰਾ ਤੇ ਸਾਥਿਆਨ ਗਣਾਸ਼ੇਕਰਨ
ਅਤੇ ਅਚੰਤਾ ਸ਼ਰਥ ਨੂੰ ਟੇਬਲ ਟੈਨਿਸ ਸਿੰਗਲ ਵਰਗ ਵਿਚ ਕਾਂਸੀ ਦੇ ਤਗਮੇ ਮਿਲੇ | ਸਮਾਪਤੀ ਸਮਾਰੋਹ ਦੌਰਾਨ ਭਾਰਤੀ ਦਲ ਦੀ ਅਗਵਾਈ ਮੁੱਕੇਬਾਜ਼ ਮੈਰੀ ਕਾਮ ਨੇ ਕੀਤੀ | ਉਹ ਭਾਰਤੀ ਦਲ ਦੀ ਝੰਡਾਬਰਦਾਰ ਸੀ | ਇਸ ਤੋਂ ਪਹਿਲਾਂ ਲੰਡਨ ਉਲੰਪਿਕ ਦੀ ਕਾਂਸੀ ਤਗਮਾ ਜੇਤੂ ਸਾਇਨਾ ਨੇਹਵਾਲ ਨੇ ਰੀਓ ਉਲੰਪਿਕ ਦੀ ਚਾਂਦੀ ਤਗਮਾ ਜੇਤੂ ਪੀ.ਵੀ. ਸਿੰਧੂ ਨੂੰ ਬੈਡਮਿੰਟਨ ਦੇ ਮਹਿਲਾ ਸਿੰਗਲ ਵਰਗ ਮੁਕਾਬਲੇ ‘ਚ 56 ਮਿੰਟ ਤੱਕ ਚੱਲੇ ਮੈਚ ਵਿਚ 21-18, 23-21 ਦੇ ਫ਼ਰਕ ਨਾਲ ਮਾਤ ਦੇ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ | ਸਾਇਨਾ ਨੇ ਪਹਿਲੇ ਸੈੱਟ ‘ਚ ਸ਼ਾਨਦਾਰ ਸ਼ੁਰੂਆਤ ਕਰਦਿਆਂ 8-4 ਦੀ ਬੜ੍ਹਤ ਹਾਸਲ ਕੀਤੀ | ਜ਼ਿਆਦਾ ਅਨੁਭਵੀ ਹੋਣ ਕਾਰਨ ਸਾਇਨਾ ਨੇ ਸਿੰਧੂ ਨੂੰ ਜ਼ਿਆਦਾ ਅੰਕ ਨਹੀਂ ਲੈਣ ਦਿੱਤੇ ਤੇ 21-18 ਨਾਲ ਇਹ ਸੈੱਟ ਜਿੱਤ ਲਿਆ | ਦੂਜੇ ਸੈੱਟ ਵਿਚ ਸਿੰਧੂ ਨੇ ਵਧੀਆ ਸ਼ੁਰੂਆਤ ਕੀਤੀ ਤੇ 7-5 ਦੀ ਬੜ੍ਹਤ ਬਣਾਈ, ਪਰ ਸਾਇਨਾ ਨੇ ਆਪਣੇ ਅਨੁਭਵ ਦਾ ਫ਼ਾਇਦਾ ਲੈਂਦਿਆਂ ਇਹ ਸੈੱਟ 23-21 ਨਾਲ ਆਪਣੇ ਕਬਜ਼ੇ ਕਰ ਲਿਆ ਤੇ ਇਸ ਦੇ ਨਾਲ ਹੀ ਸਾਇਨਾ ਨੇ ਸੋਨ ਤਗਮੇ ‘ਤੇ ਵੀ ਆਪਣਾ ਕਬਜ਼ਾ ਕੀਤਾ ਅਤੇ ਸਿੰਧੂ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਰਹਿਣਾ ਪਿਆ, ਹਾਲਾਂਕਿ ਉਹ ਗਲਾਸਗੋ ਰਾਸ਼ਟਰਮੰਡਲ ਖੇਡਾਂ-2014 ਦੇ ਮੁਕਾਬਲੇ ਜਿਸ ਵਿਚ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ, ਇਸ ਵਾਰ ਤਗਮੇ ਦਾ ਰੰਗ ਬਦਲਣ ‘ਚ ਕਾਮਯਾਬ ਰਹੀ |
