ਮੁੱਖ ਖਬਰਾਂ
Home / ਮੁੱਖ ਖਬਰਾਂ / ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਕੈਪਟਨ

ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਕੈਪਟਨ

Spread the love

ਚੰਡੀਗੜ੍ਹ-ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਸੁਪਰੀਮ ਕੋਰਟ ਵਿਚਲੇ ਕੇਸ ਵਿਚ ਪੰਜਾਬ ਸਰਕਾਰ ਵਲੋਂ ਆਪਣੇ ਹੀ ਕੈਬਨਿਟ ਮੰਤਰੀ ਦੀ 3 ਸਾਲਾ ਮੁਲਤਵੀ ਸਜ਼ਾ ਨੂੰ ਬਹਾਲ ਰੱਖਣ ਸਬੰਧੀ ਲਏ ਗਏ ਹੈਰਾਨੀਜਨਕ ਸਟੈਂਡ ਕਾਰਨ ਪਾਰਟੀ ਹਲਕਿਆਂ ਵਿਚਲੇ ਰੋਸ ਨੂੰ ਮੁੱਖ ਰੱਖ ਕੇ ਨੁਕਸਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿਚ ਇੱਥੋਂ ਜਾਰੀ ਇਕ ਬਿਆਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਅਹੁਦਾ ਛੱਡਣ ਬਾਰੇ ਕਹਿਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ | ਮੁੱਖ ਮੰਤਰੀ ਨੇ ਕਿਹਾ ਕਿ ਸੜਕ ‘ਤੇ ਝਗੜੇ ਸਬੰਧੀ ਕੇਸ ਵਿਚ ਸੁਪਰੀਮ ਕੋਰਟ ਨੇ ਸਾਲ 2007 ਵਿਚ ਨਵਜੋਤ ਸਿੰਘ ਸਿੱਧੂ ਦੀ ਸਜ਼ਾ ‘ਤੇ ਰੋਕ ਲਾ ਦਿੱਤੀ ਸੀ ਅਤੇ ਹਾਈ ਕੋਰਟ ਦੇ ਸਜ਼ਾ ਵਾਲੇ ਹੁਕਮਾਂ ਨੂੰ ਚੁਣੌਤੀ ਿਖ਼ਲਾਫ਼ ਸਿੱਧੂ ਦੀ ਪਟੀਸ਼ਨ ‘ਤੇ ਸਿਖਰਲੀ ਅਦਾਲਤ ਨੇ ਅਜੇ ਫ਼ੈਸਲਾ ਸੁਣਾਉਣਾ ਹੈ | ਉਨ੍ਹਾਂ ਕਿਹਾ ਕਿ ਇਸ 30 ਸਾਲ ਪੁਰਾਣੇ ਕੇਸ ਵਿਚ ਸੂਬਾਈ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਮਹਿਜ਼ ਆਪਣਾ ਸਟੈਂਡ ਦੁਹਰਾਏ ਜਾਣ ਦੇ ਆਧਾਰ ਉਤੇ ਇਸ ਮੰਤਰੀ ਤੋਂ ਅਸਤੀਫ਼ਾ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਮੁੱਖ ਮੰਤਰੀ ਨੇ ਕਿਹਾ ਕਿ ਸਜ਼ਾ ‘ਤੇ ਰੋਕ ਕਾਰਨ ਸਿੱਧੂ ਨੂੰ ਵਜ਼ਾਰਤ ਵਿਚ ਸ਼ਾਮਲ ਕਰਨ ਸਮੇਂ ਨਾ ਤਾਂ ਕੋਈ ਅੜਿੱਕਾ ਸੀ ਅਤੇ ਨਾ ਹੀ ਹੁਣ ਉਨ੍ਹਾਂ ਦੇ ਵਜ਼ੀਰ ਬਣੇ ਰਹਿਣ ਵਿੱਚ ਕੋਈ ਅੜਚਣ ਹੈ | ਸਿੱਧੂ ਤੋਂ ਅਸਤੀਫ਼ਾ ਮੰਗੇ ਜਾਣ ਸਬੰਧੀ ਰਿਪੋਰਟਾਂ ਅਤੇ ਵਿਰੋਧੀ ਧਿਰ ਵੱਲੋਂ ਕੈਬਨਿਟ ਮੰਤਰੀ ਦੇ ਅਸਤੀਫ਼ੇ ਦੀ ਮੰਗ ਉਠਾਏ ਜਾਣ ਦਰਮਿਆਨ ਮੁੱਖ ਮੰਤਰੀ ਦਾ ਇਹ ਸਪੱਸ਼ਟੀਕਰਨ ਆਇਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕੇਵਲ ਕਾਨੂੰਨੀ ਤੌਰ ‘ਤੇ ਵਿਹਾਰਕ ਸਟੈਂਡ ਹੀ ਲਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤਕ ਸਰਕਾਰੀ ਵਕੀਲ ਨੂੰ ਇਸ ਕੇਸ ਨਾਲ ਜੁੜੀ ਕੋਈ ਨਵੀਂ ਜਾਣਕਾਰੀ ਨਹੀਂ ਮਿਲਦੀ, ਉਦੋਂ ਤੱਕ ਉਸ ਲਈ ਨਵਾਂ ਪੈਂਤੜਾ ਲੈਣਾ ਕਾਨੂੰਨੀ ਤੌਰ ‘ਤੇ ਸੰਭਵ ਨਹੀਂ ਹੈ | ਸੂਚਨਾ ਅਨੁਸਾਰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਸਮੁੱਚੀ ਪਾਰਟੀ ਹਾਈ ਕਮਾਨ ਵੀ ਪੰਜਾਬ ਸਰਕਾਰ ਦੇ ਵਕੀਲ ਵਲੋਂ ਲਏ ਗਏ ਉਕਤ ਸਟੈਂਡ ਕਾਰਨ ਕਾਫ਼ੀ ਹੈਰਾਨ ਤੇ ਪ੍ਰੇਸ਼ਾਨ ਹੈ |

Leave a Reply

Your email address will not be published.