ਮੁੱਖ ਖਬਰਾਂ
Home / ਭਾਰਤ / ਕਠੂਆ ਮਾਮਲਾ : ਭਾਜਪਾ ਦੇ ਦੋ ਮੰਤਰੀਆਂ ਵੱਲੋਂ ਅਸਤੀਫ਼ੇ

ਕਠੂਆ ਮਾਮਲਾ : ਭਾਜਪਾ ਦੇ ਦੋ ਮੰਤਰੀਆਂ ਵੱਲੋਂ ਅਸਤੀਫ਼ੇ

Spread the love

ਸ੍ਰੀਨਗਰ/ਨਵੀਂ ਦਿੱਲੀ-ਕਠੂਆ ਵਿੱਚ ਅੱਠ-ਸਾਲਾ ਬੱਚੀ ਦੇ ਸਮੂਹਿਕ ਬਲਾਤਕਾਰ ਤੇ ਕਤਲ ਦੀ ਘਟਨਾ ਖ਼ਿਲਾਫ਼ ਦੇਸ਼ ਭਰ ਵਿੱਚ ਪੈਦਾ ਹੋਏ ਤਿੱਖੇ ਰੋਹ ਦੌਰਾਨ ਇਸ ਕੇਸ ਦੇ ਮੁਲਜ਼ਮਾਂ ਦੇ ਹੱਕ ਵਿੱਚ ਹੋਈ ਰੈਲੀ ਵਿੱਚ ਸ਼ਮੂਲੀਅਤ ਲਈ ਵਿਰੋਧ ਦਾ ਸਾਹਮਣਾ ਕਰ ਰਹੇ ਭਾਜਪਾ ਨਾਲ ਸਬੰਧਤ ਜੰਮੂ-ਕਸ਼ਮੀਰ ਦੇ ਦੋ ਮੰਤਰੀਆਂ (ਜੰਗਲਾਤ ਮੰਤਰੀ ਚੌਧਰੀ ਲਾਲ ਸਿੰਘ ਤੇ ਸਨਅਤ ਮੰਤਰੀ ਚੰਦਰ ਪ੍ਰਕਾਸ਼) ਨੇ ਅੱਜ ਆਪਣੇ ਅਸਤੀਫ਼ੇ ਭਾਜਪਾ ਸੂਬਾਈ ਪ੍ਰਧਾਨ ਸੱਤ ਸ਼ਰਮਾ ਨੂੰ ਸੌਂਪ ਦਿੱਤੇ। ਸ੍ਰੀ ਸ਼ਰਮਾ ਨੇ ਕਿਹਾ, ‘‘ਅਸੀਂ ਭਲਕੇ (ਸ਼ਨਿਚਰਵਾਰ ਨੂੰ) ਆਪਣੀ ਵਿਧਾਇਕ ਦਲ ਮੀਟਿੰਗ ’ਚ ਅਸਤੀਫ਼ਿਆਂ ਤੇ ਹੋਰ ਮੁੱਦਿਆਂ ’ਤੇ ਵਿਚਾਰ ਕਰਾਂਗੇ।’’
ਇਸੇ ਦੌਰਾਨ ਸੁਪਰੀਮ ਕੋਰਟ ਨੇ ਅੱਜ ਜੰਮੂ ਕਸ਼ਮੀਰ ਦੇ ਉਨ੍ਹਾਂ ਵਕੀਲਾਂ ਦੀ ਨਕੇਲ ਕੱਸਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਨ੍ਹਾਂ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਬਚਾਉਣ ਲਈ ਅਦਾਲਤੀ ਪ੍ਰਕਿਰਿਆ ਵਿੱਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕੀਤੀ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਸਬੰਧੀ ਆਪਣੇ ਤੌਰ ’ਤੇ ਕਾਰਵਾਈ ਕਰਦਿਆਂ ਭਾਰਤੀ ਬਾਰ ਕੌਂਸਲ ਸਣੇ ਵੱਖ-ਵੱਖ ਧਿਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਦਿੱਲੀ ਹਾਈ ਕੋਰਟ ਨੇ ਵੀ ਆਪਣੇ ਤੌਰ ’ਤੇ ਕਾਰਵਾਈ ’ਚ ਮੀਡੀਆ ਨੂੰ ਕਿਸੇ ਵੀ ਢੰਗ ਨਾਲ ਮ੍ਰਿਤਕ ਬੱਚੀ ਦੀ ਸ਼ਨਾਖ਼ਤ ਜ਼ਾਹਰ ਕਰਨ ਤੋਂ ਰੋਕਦਿਆਂ ਪਹਿਲਾਂ ਅਜਿਹਾ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਨੋਟਿਸ ਜਾਰੀ ਕੀਤੇ ਹਨ।
ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਬਾਰ ਸੰਸਥਾਵਾਂ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਅਦਾਲਤਾਂ ਵਿੱਚ ਮੁਲਜ਼ਮਾਂ ਜਾਂ ਪੀੜਤਾਂ ਵੱਲੋਂ ਪੇਸ਼ ਹੋਣ ਵਾਲੇ ਵਕੀਲਾਂ ਦੇ ਰਾਹ ਵਿੱਚ ਰੁਕਾਵਟ ਨਾ ਬਣਨ। ਬੈਂਚ ਨੇ ਕਿਹਾ ਕਿ ਇਸ ਨਾਲ ‘ਨਿਆਂ ਦੇਣ ਦੀ ਕਾਰਵਾਈ’ ਉਤੇ ਮਾੜਾ ਅਸਰ ਪੈਂਦਾ ਹੈ। ਜਸਟਿਸ ਏ.ਐਮ. ਖਾਨਵਿਲਕਰ ਤੇ ਜਸਟਿਸ ਡੀ.ਵਾਈ. ਚੰਦਰਚੂੜ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਇਸ ਸਬੰਧੀ ਭਾਰਤੀ ਬਾਰ ਕੌਂਸਲ, ਜੰਮੂ-ਕਸ਼ਮੀਰ ਬਾਰ ਕੌਂਸਲ, ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ ਅਤੇ ਕਠੂਆ ਜ਼ਿਲ੍ਹਾ ਬਾਰ ਐਸੋਸੀਏਸ਼ਨ ਤੋਂ 19 ਅਪਰੈਲ ਤੱਕ ਵੱਖ-ਵੱਖ ਪਹਿਲੂਆਂ ਸਬੰਧੀ ਜਵਾਬ ਤਲਬ ਕੀਤਾ ਹੈ।
ਦਿੱਲੀ ਹਾਈ ਕੋਰਟ ਨੇ ਬੱਚੀ ਦੀ ਸ਼ਨਾਖ਼ਤ ਦੱਸਣ ਲਈ 12 ਇਲੈਕਟਰਾਨਿਕ ਤੇ ਪ੍ਰਿੰਟ ਮੀਡੀਆ ਅਦਾਰਿਆਂ ਨੂੰ ਨੋਟਿਸ ਜਾਰੀ ਕਰਦਿਆਂ ਪੁੱਛਿਆ ਹੈ ਕਿ ਇਸ ਲਈ ਉਨ੍ਹਾਂ ਖ਼ਿਲਾਫ਼ ਕਿਉਂ ਨਾ ਕਾਰਵਾਈ ਸ਼ੁਰੂ ਕੀਤੀ ਜਾਵੇ। ਚੀਫ਼ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਹਰੀ ਸ਼ੰਕਰ ਦੇ ਬੈਂਚ ਨੇ ਮੀਡੀਆ ਵੱਲੋਂ ਬੱਚੀ ਦਾ ਨਾਂ ਤੇ ਤਸਵੀਰਾਂ ਨਸ਼ਰ ਕੀਤੇ ਜਾਣ ਨੂੰ ਬਹੁਤ ਹੀ ‘ਅਫ਼ਸੋਸਨਾਕ’ ਅਤੇ ਪੱਤਰਕਾਰੀ ਦਾ ‘ਘਟੀਆ ਤਰੀਕਾ’ ਕਰਾਰ ਦਿੱਤਾ। ਅਦਾਲਤ ਨੇ ਅੱਗੇ ਬੱਚੀ ਦੀ ਸ਼ਨਾਖ਼ਤ ਜ਼ਾਹਰ ਕਰਨ ’ਤੇ ਰੋਕ ਲਾ ਦਿੱਤੀ ਹੈ।
ਇਸ ਦੌਰਾਨ ਕਠੂਆ ਤੇ ਉਨਾਓ ਬਲਾਤਕਾਰ ਮਾਮਲਿਆਂ ਵਿੱਚ ਸਖ਼ਤ ਆਲੋਚਨਾ ਦਾ ਸਾਹਮਣਾ ਕਰ ਰਹੀ ਭਾਜਪਾ ਨੇ ਅੱਜ ਕਿਹਾ ਕਿ ਅਜਿਹੇ ਜੁਰਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਜੰਮੂ-ਕਸ਼ਮੀਰ ਦੇ ਦੋ ਮੰਤਰੀਆਂ ਦਾ ਇਸ ਮਾਮਲੇ ਦੇ ਮੁਲਜ਼ਮਾਂ ਦੇ ਹੱਕ ’ਚ ਹੋਈ ਰੈਲੀ ਵਿੱਚ ਸ਼ਮੂਲੀਅਤ ਲਈ ਇਹ ਕਹਿੰਦਿਆਂ ਬਚਾਅ ਕੀਤਾ ਕਿ ਉਨ੍ਹਾਂ ਨੂੰ ‘ਗੁੰਮਰਾਹ ਕਰ ਕੇ’ ਰੈਲੀ ਵਿੱਚ ਸੱਦਿਆ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਮੀਡੀਆ ਨੂੰ ਕਿਹਾ ਕਿ ਬੱਚੀ ਦੇ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਹੈ।
ਇਸ ਦੌਰਾਨ ਸ੍ਰੀਨਗਰ ਵਿੱਚ ਜੰਮੂ-ਕਸ਼ਮੀਰ ਪੁਲੀਸ ਦੇ ਮੁਖੀ ਐਸ.ਪੀ. ਵੈਦ ਨੇ ਭਰੋਸਾ ਦਿੱਤਾ ਕਿ ਬੱਚੀ ਦੇ ਪਰਿਵਾਰ ਅਤੇ ਕੇਸ ਦੇ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਗਏ ਹਨ।

Leave a Reply

Your email address will not be published.