ਮੁੱਖ ਖਬਰਾਂ
Home / ਪੰਜਾਬ / ਫ਼ਰੀਦਕੋਟ ਰਿਆਸਤ ਦੀ ਵਸੀਅਤ ਤੋੜਨ ਵਾਲੇ ਫ਼ੈਸਲੇ ’ਤੇ ਹਾਈ ਕੋਰਟ ਵੱਲੋਂ ਰੋਕ

ਫ਼ਰੀਦਕੋਟ ਰਿਆਸਤ ਦੀ ਵਸੀਅਤ ਤੋੜਨ ਵਾਲੇ ਫ਼ੈਸਲੇ ’ਤੇ ਹਾਈ ਕੋਰਟ ਵੱਲੋਂ ਰੋਕ

Spread the love

ਫ਼ਰੀਦਕੋਟ-ਹਾਈ ਕੋਰਟ ਨੇ ਫ਼ਰੀਦਕੋਟ ਰਿਆਸਤ ਦੀ ਸ਼ਾਹੀ ਵਸੀਅਤ ਤੋੜਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ’ਤੇ ਰੋਕ ਲਾ ਦਿੱਤੀ ਹੈ। ਫ਼ਰੀਦਕੋਟ ਰਿਆਸਤ ਦੇ ਆਖ਼ਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ ਫ਼ਰੀਦਕੋਟ ਰਿਆਸਤ ਦੀ ਜਾਇਦਾਦ ਦੀ ਸਾਂਭ-ਸੰਭਾਲ ਲਈ ਆਪਣੀ ਜ਼ਿੰਦਗੀ ਵਿੱਚ ਚਾਰ ਦਹਾਕੇ ਪਹਿਲਾਂ ਲਿਖੀ ਵਸੀਅਤ ਨੂੰ ਸਿਵਲ ਜੱਜ ਅਤੇ ਜ਼ਿਲ੍ਹਾ ਜੱਜ ਮੁਹਾਲੀ ਨੇ ਗ਼ੈਰਕਾਨੂੰਨੀ ਸਮਝਦਿਆਂ ਰੱਦ ਕਰ ਦਿੱਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਰਿੰਦਰ ਗੁਪਤਾ ਨੇ ਹਾਲ ਦੀ ਘੜੀ ਹੇਠਲੀ ਅਦਾਲਤ ਦੇ ਫ਼ੈਸਲੇ ’ਤੇ ਰੋਕ ਲਾ ਦਿੱਤੀ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 25 ਅਪਰੈਲ ਨੂੰ ਨਿਸ਼ਚਿਤ ਕੀਤੀ ਹੈ।
ਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਦੇ ਆਧਾਰ ’ਤੇ ਬਣੇ ਮਹਾਰਾਵਲ ਖੇਵਾ ਜੀ ਟਰੱਸਟ ਨੇ ਸਿਵਲ ਜੱਜ ਅਤੇ ਜ਼ਿਲ੍ਹਾ ਜੱਜ ਦੇ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਰਾਜਾ ਹਰਿੰਦਰ ਸਿੰਘ ਬਰਾੜ ਦੀ ਬੇਟੀ ਅੰਮ੍ਰਿਤ ਕੌਰ ਨੇ ਡੇਢ ਦਹਾਕਾ ਪਹਿਲਾਂ ਅਦਾਲਤ ਵਿੱਚ ਕੇਸ ਕਰਕੇ ਦੋਸ਼ ਲਾਇਆ ਸੀ ਕਿ ਰਾਜਾ ਹਰਿੰਦਰ ਸਿੰਘ ਬਰਾੜ ਨੇ ਆਪਣੇ ਜੀਵਨ ਵਿੱਚ ਕੋਈ ਵਸੀਅਤ ਨਹੀਂ ਕੀਤੀ, ਬਲਕਿ ਉਹ ਆਪਣੇ ਇਕਲੌਤੇ ਪੁੱਤ ਦੀ ਮੌਤ ਕਾਰਨ ਸਦਮੇ ਵਿੱਚ ਸਨ ਅਤੇ ਇਸ ਗੱਲ ਦਾ ਫਾਇਦਾ ਉਠਾ ਕੇ ਕੁਝ ਵਿਅਕਤੀਆਂ ਨੇ ਕਥਿਤ ਤੌਰ ’ਤੇ ਜਾਅਲੀ ਵਸੀਅਤ ਤਿਆਰ ਕਰ ਲਈ, ਜਿਸ ਵਿੱਚ ਮਹਾਰਾਜਾ ਹਰਿੰਦਰ ਸਿੰਘ ਦੀ ਬੇਟੀ ਅੰਮ੍ਰਿਤਪਾਲ ਕੌਰ ਨੂੰ ਕੋਈ ਜਾਇਦਾਦ ਨਹੀਂ ਦਿੱਤੀ ਗਈ। 1989 ਵਿੱਚ ਰਾਜਾ ਹਰਿੰਦਰ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਫ਼ਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਮਹਾਰਾਵਲ ਖੇਵਾ ਜੀ ਟਰੱਸਟ ਅਧੀਨ ਲਿਆਂਦੀ ਗਈ ਸੀ ਅਤੇ ਇਸ ਟਰੱਸਟ ਦੀ ਚੇਅਰਪਰਸਨ ਰਾਜਾ ਹਰਿੰਦਰ ਸਿੰਘ ਦੀ ਬੇਟੀ ਰਾਣੀ ਦੁਪਿੰਦਰ ਕੌਰ ਹੈ, ਜੋ ਵਰਧਮਾਨ ਸ਼ਾਹੀ ਖਾਨਦਾਨ ਕਲਕੱਤਾ ਦੀ ਨੂੰਹ ਹੈ। ਫ਼ਰੀਦਕੋਟ ਦੇ ਮਹਾਰਾਜੇ ਦੀ ਦੇਸ਼-ਵਿਦੇਸ਼ ਅਤੇ ਦੁਨੀਆਂ ਵਿੱਚ ਕਰੀਬ ਪੱਚੀ ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੱਸੀ ਜਾ ਰਹੀ ਹੈ। ਅੱਜ ਹਾਈ ਕੋਰਟ ਦੇ ਫ਼ੈਸਲੇ ਨਾਲ ਟਰੱਸਟ ਦੇ 400 ਮੁਲਾਜ਼ਮਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ।

Leave a Reply

Your email address will not be published.