ਮੁੱਖ ਖਬਰਾਂ
Home / ਮੁੱਖ ਖਬਰਾਂ / ਦਿੱਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਗਰਜੇ 17 ਸੂਬਿਆਂ ਦੇ ਕਿਸਾਨ

ਦਿੱਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਗਰਜੇ 17 ਸੂਬਿਆਂ ਦੇ ਕਿਸਾਨ

Spread the love

ਨਵੀਂ ਦਿੱਲੀ-ਦੇਸ਼ ਭਰ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਉਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦੇ ਹੋਏ ਦਿੱਲੀ ਵਿੱਚ ਧਰਨਾ ਲਾਇਆ। ਇਸ ਧਰਨੇ ਵਿੱਚ ਪੰਜਾਬ ਦੇ ਕਿਸਾਨ ਵੀ ਸ਼ਾਮਲ ਹੋਏ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਪੂਰੇ ਕਰੇ ਨਹੀਂ ਤਾਂ ਕਿਸਾਨ ਆਉਂਦੀਆਂ ਚੋਣਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਭੁਗਤਣਗੇ। ਇਸ ਮੌਕੇ ਪੰਜਾਬ, ਹਰਿਆਣਾ, ਯੂਪੀ, ਕਰਨਾਟਕ, ਹਿਮਾਚਲ, ਬਿਹਾਰ ਤੇ ਆਂਧਰਾ ਪ੍ਰਦੇਸ਼ ਸਣੇ 17 ਸੂਬਿਆਂ ਤੋਂ ਪੁੱਜੇ ਕਿਸਾਨਾਂ ਦੇ ਇਕੱਠ ਨੂੰ ਰਾਸ਼ਟਰੀ ਕੋਆਰਡੀਨੇਟਰ ਅਤੇ ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਯੁੱਧਵੀਰ ਸਿੰਘ, ਰਾਕੇਸ਼ ਟਿਕੈਤ, ਰਤਨ ਲਾਲ ਹਰਿਆਣਾ, ਵੀਰੇਂਦਰ ਡਾਗਰ ਦਿੱਲੀ, ਭੁਪਿੰਦਰ ਸਿੰਘ, ਸਹਰਿੰਦਰ ਸਿੰਘ ਲੱਖੋਵਾਲ ਤੇ ਕਰਨਾਟਕ ਤੋਂ ਸ੍ਰੀ ਗੰਗਾਧਰ ਨੇ ਸੰਬੋਧਨ ਕੀਤਾ। ਸ੍ਰੀ ਲੱਖੋਵਾਲ ਨੇ ਕਿਹਾ ਕਿ ਭਾਜਪਾ ਦੇ ਕੌਮੀ ਨੇਤਾਵਾਂ ਨੇ ਕਿਸਾਨਾਂ ਨਾਲ ਦਿੱਲੀ ਵਿੱਚ ਹੀ ਵਾਅਦਾ ਕੀਤਾ ਸੀ ਕਿ ਭਾਜਪਾ ਦੀ ਸਰਕਾਰ ਲਿਆਓ ਤੇ ਕਿਸਾਨੀ ਮੰਗਾਂ ਪੂਰੀਆਂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਰਜ਼ੇ ਮੁਆਫ਼ ਕਰਨ, ਸਾਰਥਿਕ ਖੇਤੀ ਨੀਤੀ ਲਾਗੂ ਕਰਨ ਸਮੇਤ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਜੀਐਸਟੀ ਲਾ ਕੇ ਕਿਸਾਨਾਂ ਦੇ ਲਾਗਤ-ਖ਼ਰਚਿਆਂ ਵਿੱਚ ਵਾਧਾ ਕਰਨ ਨਾਲ ਦੇਸ਼ ਦਾ ਕਿਸਾਨ ਆਰਥਿਕ ਤੌਰ ’ਤੇ ਨਪੀੜਿਆ ਗਿਆ ਹੈ।
ਲੱਖੋਵਾਲ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਡਾ. ਸਵਾਮੀਨਾਥਨ ਕਮੇਟੀ ਅਤੇ ਡਾ. ਰਮੇਸ਼ ਚੰਦ ਦੀ ਅਗਵਾਈ ਹੇਠ ਬਣੇ ਫਾਰਮੂਲਿਆਂ ਨੂੰ ਛੂਹਿਆ ਹੀ ਨਹੀਂ ਗਿਆ, ਜੋ ਸਰਕਾਰ ਦੀ ਵਾਅਦਾਖ਼ਿਲਾਫ਼ੀ ਹੈ।ਇਸ ਮਗਰੋਂ ਕਿਸਾਨਾਂ ਦੇ ਵਫ਼ਦ ਨੇ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨਾਲ ਮੁਲਾਕਾਤ ਕੀਤੀ ਤੇ 15 ਮੰਗਾਂ ਵਾਲਾ ਪੱਤਰ ਸੌਂਪਿਆ। ਰਾਸ਼ਟਰਪਤੀ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

Leave a Reply

Your email address will not be published.