ਮੁੱਖ ਖਬਰਾਂ
Home / ਪੰਜਾਬ / ਕੇਂਦਰ ਸਰਕਾਰ ਸੰਸਦ ਚਲਾਉਣ ਲਈ ਗੰਭੀਰ ਨਹੀਂ : ਜਾਖੜ

ਕੇਂਦਰ ਸਰਕਾਰ ਸੰਸਦ ਚਲਾਉਣ ਲਈ ਗੰਭੀਰ ਨਹੀਂ : ਜਾਖੜ

Spread the love

ਗੁਰਦਾਸਪੁਰ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਅਪਣੇ ਰਾਜ ਵਿਚ ਹੋਏ ਵਿੱਤੀ ਘਪਲਿਆਂ ‘ਤੇ ਪਰਦਾ ਪਾਉਣ ਲਈ ਸੰਸਦ ਨੂੰ ਚਲਾਉਣਾ ਨਹੀਂ ਚਾਹੁੰਦੀ ਹੈ। ਇਕ ਬਿਆਨ ਵਿਚ ਸੁਨੀਲ ਜਾਖੜ ਨੇ ਆਖਿਆ ਕਿ ਲੋਕ ਸਭਾ ਨੂੰ ਚਲਾਉਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਅਤੇ ਜੋ ਗਤੀਰੋਧ ਹਨ ਉਨ੍ਹਾਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਇਥੇ ਦੇਸ਼ ਸਾਹਮਣੇ ਗੰਭੀਰ ਚੁਨੌਤੀਆਂ ਸਬੰਧੀ ਚਰਚਾ ਕਰ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਪਿਛਲੇ ਸਮਿਆਂ ਵਿਚ ਨੀਰਵ ਮੋਦੀ ਵਰਗੇ ਮਾਮਲਿਆਂ ਵਿਚ ਵਿੱਤੀ ਘਪਲੇ ਸਾਹਮਣੇ ਆਏ ਹਨ ਉਨ੍ਹਾਂ ਕਾਰਨ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਸੰਸਦ ਚਲੇ ਤੇ ਇਥੇ ਉਸ ਦੇ ਰਾਜ ਵਿਚ ਹੋਈਆਂ ਵਿੱਤੀ ਗੜਬੜੀਆਂ ਦੀ ਚਰਚਾ ਹੋਵੇ। ਇਸ ਮੌਕੇ ਉ੍ਹਨਾਂ ਨਾਲ ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਹਾਜ਼ਰ ਸਨ।
ਜਾਖੜ ਨੇ ਕਿਹਾ ਕਿ ਲੋਕ ਸਭਾ ਵਿਚ ਸਾਂਸਦਾਂ ਨੇ ਦੇਸ਼ ਸਾਹਮਣੇ ਵੱਡੀਆਂ ਮੁਸ਼ਕਲਾਂ ‘ਤੇ ਹੀ ਚਰਚਾ ਨਹੀਂ ਕਰਨੀ ਹੁੰਦੀ ਹੈ ਸਗੋਂ ਉਨ੍ਹਾਂ ਅਪਣੇ ਹਲਕਿਆਂ, ਰਾਜਾਂ ਸਬੰਧੀ ਵੀ ਮੁੱਦੇ ਰੱਖਣੇ ਹੁੰਦੇ ਹਨ। ਪਰ ਇਥੇ ਐਨ.ਡੀ.ਏ. ਸਰਕਾਰ ਜਾਣ-ਬੁੱਝ ਕੇ ਅਜਿਹੇ ਹਾਲਾਤ ਸਿਰਜ ਰਹੀ ਹੈ ਕਿ ਲੋਕ ਸਭਾ ਵਿਚ ਕੋਈ ਕੰਮਕਾਜ ਨਾ ਹੋਵੇ ਅਤੇ ਲੋਕਾਂ ਸਾਹਮਣੇ ਇਸ ਸਰਕਾਰ ਦੀ ਪੋਲ ਖੁਲ੍ਹਣ ਤੋਂ ਬਚੀ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਜੇਕਰ ਸੰਸਦ ਚਲੇਗੀ ਤਾਂ ਉਸ ਨੂੰ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ। ਜਾਖੜ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਨੁਮਾਇੰਦਿਆਂ ਦੇ ਇਸ ਸਦਨ ਦੀ ਕਾਰਵਾਈ ਨੂੰ ਬਿਨਾਂ ਵਜਾ ਠੱਪ ਰਖਣਾ ਦੇਸ਼ ਹਿਤ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਚ ਦਾ ਸਾਹਮਣਾ ਕਰਨ ਤੋਂ ਬਚਣ ਦੇ ਅਜਿਹੇ ਹੱਥਕੰਢੇ ਉਸ ਦਾ ਅਵਾਮ ਵਿਚ ਅਕਸ ਹੋਰ ਵੀ ਖ਼ਰਾਬ ਕਰਨਗੇ।

Leave a Reply

Your email address will not be published.