ਮੁੱਖ ਖਬਰਾਂ
Home / ਭਾਰਤ / ਅਨੰਤਨਾਗ ਵਿੱਚ ਮੁਕਾਬਲਾ: ਤਿੰਨ ਅਤਿਵਾਦੀ ਹਲਾਕ
Kashmiri mourners react during the funeral precession of militant Eisa Fazili in Srinagar on March 12, 2018. Indian government forces killed three militants in brief encounter in the Anantnag district of south Kashmir in the early hours of March 12, officials said. Authorities have closed schools and colleges in Srinagar and imposed restrictions in several parts of the city. / AFP PHOTO / TAUSEEF MUSTAFA

ਅਨੰਤਨਾਗ ਵਿੱਚ ਮੁਕਾਬਲਾ: ਤਿੰਨ ਅਤਿਵਾਦੀ ਹਲਾਕ

Spread the love

ਸ੍ਰੀਨਗਰ-ਜੰਮੂ ਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਵੱਡੇ ਤੜਕੇ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਮਾਰੇ ਗਏ। ਮੁਕਾਬਲੇ ਵਾਲੀ ਥਾਂ ਤੋਂ ਏਕੇ 47 ਰਾਈਫਲਾਂ ਸਮੇਤ ਗੋਲੀ ਸਿੱਕਾ, ਪਿਸਤੌਲ ਤੇ ਹੱਥਗੋਲੇ ਵੀ ਬਰਾਮਦ ਹੋਏ ਹਨ। ਉਂਜ ਮੁਕਾਬਲੇ ਦੌਰਾਨ ਮੁਕਾਮੀ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ। ਇਸ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਤੇ ਇਹਤਿਆਤ ਵਜੋਂ ਸ੍ਰੀਨਗਰ ਦੇ ਅੱਠ ਪੁਲੀਸ ਸਟੇਸ਼ਨਾਂ ਅਧੀਨ ਆਉਂਦੇ ਖੇਤਰਾਂ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉਧਰ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਸਕੂਲਾਂ ਤੇ ਹੋਰਨਾਂ ਸਿੱਖਿਆ ਸੰਸਥਾਵਾਂ ਨੂੰ ਵੀ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਨੂੰ ਅੱਗੇ ਪਾ ਦਿੱਤਾ ਹੈ।
ਇਕ ਫ਼ੌਜੀ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਖੇਤਰ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਮਿਲੀ ਸੀ, ਜਿਸ ਮਗਰੋਂ ਅਨੰਤਨਾਗ ਜ਼ਿਲ੍ਹੇ ਦੇ ਹਕੂਰਾ ਖੇਤਰ ਵਿੱਚ ਅਤਿਵਾਦ ਵਿਰੋਧੀ ਅਪਰੇਸ਼ਨ ਚਲਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਸਲਾਮਤੀ ਦਸਤਿਆਂ ਨੇ ਵੱਡੇ ਤੜਕੇ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ। ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਦੋ ਅਤਿਵਾਦੀਆਂ ਵਿੱਚੋਂ ਇਕ ਦੀ ਪਛਾਣ ਸ੍ਰੀਨਗਰ ਦੇ ਈਸਾ ਫ਼ਜ਼ਲੀ ਤੇ ਦੂਜੇ ਦੀ ਕੋਕਰਨਾਗ (ਅਨੰਤਨਾਗ) ਦੇ ਸੱਯਦ ਓਵਾਇਸ ਵਜੋਂ ਹੋਈ ਹੈ ਜਦਕਿ ਤੀਜੇ ਦੀ ਸ਼ਨਾਖ਼ਤ ਨਹੀਂ ਹੋ ਸਕੀ। ਤਰਜਮਾਨ ਨੇ ਕਿਹਾ ਕਿ ਪੁਲੀਸ ਨੂੰ ਮੁਕਾਬਲੇ ਵਾਲੀ ਥਾਂ ਤੋਂ ਏਕੇ 47 ਰਾਈਫਲਾਂ ਸਮੇਤ ਪਿਸਤੌਲਾਂ, ਹੱਥਗੋਲੇ ਤੇ ਹੋਰ ਗੋਲੀ ਸਿੱਕਾ ਮਿਲਿਆ ਹੈ। ਉਂਜ ਮੁਕਾਬਲੇ ਦੌਰਾਨ ਮੁਕਾਮੀ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ। ਉਨ੍ਹਾਂ ਕਿਹਾ ਕਿ ਮਾਰੇ ਗਏ ਅਤਿਵਾਦੀਆਂ ’ਚੋਂ ਇਕ ਜਣਾ ਹਾਲ ਹੀ ਵਿੱਚ ਸ਼ਹਿਰ ਦੇ ਸੌਰਾ ਵਿੱਚ ਪੁਲੀਸ ਗਾਰਡ ਦੀ ਚੌਕੀ ’ਤੇ ਕੀਤੇ ਹਮਲੇ ਵਿੱਚ ਵੀ ਸ਼ਾਮਲ ਸੀ। ਇਸ ਹਮਲੇ ਵਿੱਚ ਇਕ ਪੁਲੀਸ ਕਾਂਸਟੇਬਲ ਮਾਰਿਆ ਗਿਆ ਸੀ। ਇਸੇ ਦੌਰਾਨ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸਕੂਲ ਤੇ ਹੋਰਨਾਂ ਸਿੱਖਿਆ ਸੰਸਥਾਵਾਂ ਨੂੰ ਬੰਦ ਕਰ ਦਿੱਤਾ। ਕਸ਼ਮੀਰ ਯੂਨੀਵਰਸਿਟੀ ਨੇ ਜਮਾਤਾਂ ਇਕ ਦਿਨ ਲਈ ਮੁਅੱਤਲ ਕਰ ਦਿੱਤੀਆਂ ਤੇ ਪ੍ਰੀਖਿਆਵਾਂ ਵੀ ਅੱਗੇ ਪਾ ਦਿੱਤੀਆਂ। ਯੂਨੀਵਰਸਿਟੀ ਤਰਜਮਾਨ ਨੇ ਕਿਹਾ ਕਿ ਅੱਜ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਉਧਰ ਸਥਾਨਕ ਪ੍ਰਸ਼ਾਸਨ ਨੇ ਅੱਜ ਮਾਰੇ ਗਏ ਅਤਿਵਾਦੀਆਂ ’ਚੋਂ ਇਕ ਦਾ ਸਬੰਧ ਸ਼ਹਿਰ ਨਾਲ ਹੋਣ ਮਗਰੋਂ ਇਹਤਿਆਤ ਵਜੋਂ ਨੌਹੱਟਾ, ਖਨਿਆਰ, ਰੈਨਾਵਾੜੀ, ਸਫ਼ਾਕਦਲ, ਐਮ.ਆਰ.ਗੰਜ, ਮੈਸੂਮਾ, ਕਰਾਲਖੱਡ ਤੇ ਸੌਰਾ ਪੁਲੀਸ ਸਟੇਸ਼ਨਾਂ ਅਧੀਨ ਆਉਂਦੇ ਖੇਤਰਾਂ ’ਚ ਧਾਰਾ 144 ਲਾਗੂ ਕਰ ਦਿੱਤੀ। ਉਂਜ ਅੱਜ ਦੀ ਘਟਨਾ ਮਗਰੋਂ ਵਾਦੀ ਵਿੱਚ ਕਈ ਥਾਈਂ ਦੁਕਾਨਾਂ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਤੇ ਜਨਤਕ ਟਰਾਂਸਪੋਰਟ ਦੀ ਆਵਾਜਾਈ ਵੀ ਲਗਪਗ ਠੱਪ ਰਹੀ। ਇਸ ਦੌਰਾਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਨੌਜਵਾਨਾਂ ਦੇ ਸਮੂਹਾਂ ਤੇ ਸਲਾਮਤੀ ਦਸਤਿਆਂ ਦਰਮਿਆਨ ਝੜੱਪਾਂ ਹੋਈਆਂ। ਸੌਰਾ, ਆਂਚਰ, ਪੁਰਾਣੇ ਬਰਜ਼ੁੱਲਾ, ਲਾਲ ਚੌਕ ਤੇ ਹੋਰ ਕਈ ਥਾਈਂ ਸਲਾਮਤੀ ਦਸਤਿਆਂ ’ਤੇ ਪੱਥਰਬਾਜ਼ੀ ਕੀਤੀ ਗਈ। ਵਾਦੀ ਵਿੱਚ ਮੋਬਾਈਲ ਇੰਟਰਨੈੱਟ ਦੀ ਰਫ਼ਤਾਰ ਵੀ ਮੱਠੀ ਰਹੀ। ਪੁਲੀਸ ਨੇ ਸਥਾਨਕ ਬਾਸ਼ਿੰਦਿਆਂ ਨੂੰ ਅਪੀਲ ਜਾਰੀ ਕਰਦਿਆਂ ਸਹਿਯੋਗ ਦੀ ਮੰਗ ਕੀਤੀ ਹੈ।

Leave a Reply

Your email address will not be published.