Home / ਭਾਰਤ / ਦਿੱਲੀ ’ਚ 7 ਸਾਲਾ ਬੱਚੇ ਦਾ ਅਗਵਾ ਕਰਨ ਮਗਰੋਂ ਕਤਲ

ਦਿੱਲੀ ’ਚ 7 ਸਾਲਾ ਬੱਚੇ ਦਾ ਅਗਵਾ ਕਰਨ ਮਗਰੋਂ ਕਤਲ

Spread the love

ਨਵੀਂ ਦਿੱਲੀ-ਉਤਰ-ਪੱਛਮੀ ਦਿੱਲੀ ਦੇ ਸਵਰੂਪ ਨਗਰ ਵਿੱਚ ਕਿਰਾਏਦਾਰ ਨੇ 7 ਸਾਲਾ ਬੱਚੇ ਨੂੰ ਅਗਵਾ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ। ਸਿਵਲ ਸਰਵਿਸਜ਼ (ਯੂਪੀਐਸਸੀ) ਦੀ ਤਿਆਰੀ ਕਰ ਰਹੇ ਦੋਸ਼ੀ ਨੇ ਲਾਸ਼ ਨੂੰ 38 ਦਿਨ ਸੂਟਕੇਸ ਵਿੱਚ ਛੁਪਾ ਕੇ ਰੱਖਿਆ।
ਵਾਰਸਾਂ ਨੇ ਕਿਰਾਏਦਾਰ ’ਤੇ ਬੱਚੇ ਨੂੰ ਅਗਵਾ ਕਰਨ ਦਾ ਸ਼ੱਕ ਜਾਹਰ ਕੀਤਾ ਸੀ। ਦਿੱਲੀ ਪੁਲਿਸ ਦੀ ਲੰਬੀ ਜਾਂਚ ਅਤੇ ਪੁੱਛਗਿੱਛ ਬਾਅਦ ਦੋਸ਼ੀ ਨੇ ਜੁਰਮ ਕਬੂਲ ਕਰ ਲਿਆ। ਉਸ ਨੇ ਬੱਚੇ ਦੇ ਪਰਿਵਾਰ ਤੋਂ 15 ਲੱਖ ਰੁਪਏ ਫਿਰੌਤੀ ਮੰਗਣ ਦੀ ਵੀ ਯੋਜਨਾ ਬਣਾਈ ਸੀ। ਬੱਚਾ ਲੰਘੀ 7 ਜਨਵਰੀ ਤੋਂ ਲਾਪਤਾ ਸੀ।
ਪਰਿਵਾਰ ਨਾਲ ਥਾਣੇ ਵੀ ਜਾਂਦਾ ਸੀ ਦੋਸ਼ੀ : ਡੀਸੀਪੀ (ਨੌਰਥ-ਵੈਸਟ) ਅਸਲਮ ਖਾਨ ਦੇ ਮੁਤਾਬਕ 27 ਸਾਲ ਦਾ ਦੋਸ਼ੀ ਅਵਧੇਸ਼ ਸ਼ਾਕਿਆ ਬੱਚੇ (ਆਸ਼ੀਸ਼) ਦੇ ਘਰ ਵਿੱਚ ਲਗਭਗ 8 ਸਾਲ ਤੋਂ ਕਿਰਾਏ ’ਤੇ ਰਹਿ ਰਿਹਾ ਸੀ, ਪਰ ਉਸ ਦੇ ਪਾਰਟੀ ਕਰਨ ’ਤੇ ਮਕਾਨ ਮਾਲਕ ਨੂੰ ਇਤਰਾਜ਼ ਸੀ। ਇਸ ਤੋਂ ਬਾਅਦ ਉਸ ਨੇ ਗੁਆਂਢ ਦੇ ਦੂਜੇ ਮਕਾਨ ਵਿੱਚ ਕਮਰਾ ਕਿਰਾਏ ’ਤੇ ਲੈ ਲਿਆ।
7 ਜਨਵਰੀ ਨੂੰ ਬੱਚਾ ਘਰ ਦੇ ਨੇੜਿਓਂ ਅਚਾਨਕ ਲਾਪਤਾ ਹੋ ਗਿਆ। ਮਾਪਿਆਂ ਨੇ ਦਿੱਲੀ ਪੁਲਿਸ ਕੋਲ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਇਸ ਦੌਰਾਨ ਅਵਧੇਸ਼ ਵੀ ਨਾਟਕ ਕਰਦੇ ਹੋਏ ਕਈ ਵਾਰ ਉਨ੍ਹਾਂ ਨਾਲ ਥਾਣੇ ਗਿਆ। ਜਾਂਚ ਦੌਰਾਨ ਬੱਚੇ ਦੇ ਮਾਪਿਆਂ ਨੇ ਅਵਧੇਸ਼ ’ਤੇ ਵੀ ਸ਼ੱਕ ਜਤਾਇਆ, ਪਰ ਪੁੱਛਗਿੱਛ ਵਿੱਚ ਪੁਲਿਸ ਨੂੰ ਠੋਸ ਸਬੂਤ ਨਹੀਂ ਮਿਲੇ।
ਇਸੇ ਵਿਚਕਾਰ ਕੁਝ ਗੁਆਂਢੀਆਂ ਨੇ ਅਵਧੇਸ਼ ਦੇ ਕਮਰੇ ਵਿੱਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਉਸ ਨੇ ਚੂਰੇ ਮਰੇ ਹੋਣ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਦਿੱਤਾ। ਪਰ ਜਦੋਂ ਪੁਲਿਸ ਟੀਮ ਨੇ ਕਮਰੇ ਵਿੱਚ ਤਲਾਸ਼ੀ ਲਈ ਤਾਂ ਇੱਕ ਸੂਟਕੇਸ ਵਿੱਚੋਂ ਬੱਚੇ ਆਸ਼ੀਸ਼ ਦੀ ਲਾਸ਼ ਮਿਲੀ। ਪੁਲਿਸ ਦੇ ਮੁਤਾਬਕ ਲਾਸ਼ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਅਗਵਾ ਕਰਨ ਵਾਲੇ ਦਿਨ ਹੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਕਿਵੇਂ ਕੀਤਾ ਗਿਆ ਇਸ ਦੀ ਜਾਂਚ ਹੋ ਰਹੀ ਹੈ। ਸ਼ੱਕ ਹੈ ਕਿ ਅਵਧੇਸ਼ ਲਾਸ਼ ਨੂੰ ਟਿਕਾਣੇ ਲਾਉਣ ਦੀ ਫਿਰਾਕ ਵਿੱਚ ਸੀ, ਪਰ ਇਲਾਕੇ ਵਿੱਚ ਲਗਾਤਾਰ ਪੁਲਿਸ ਦੀ ਮੌਜੂਦਗੀ ਦੇ ਚਲਦਿਆਂ ਉਸ ਨੂੰ ਮੌਕਾ ਨਹੀਂ ਮਿਲ ਰਿਹਾ ਸੀ।
ਦੱਸ ਦੇਈਏ ਕਿ ਪੱਛਮੀ ਯੂਪੀ ਨਾਲ ਸਬੰਧ ਰੱਖਣ ਵਾਲਾ ਦੋਸ਼ੀ ਸਿਵਲ ਸਰਵਿਸਜ਼ ਦੀ ਤਿਆਰੀ ਕਰ ਰਿਹਾ ਹੈ। ਉਹ ਤਿੰਨ ਵਾਰ ਪ੍ਰੀਖਿਆ ਦੇ ਚੁੱਕਾ ਹੈ। ਦੋ ਵਾਰ ਯੂਪੀਐਸਸੀ ਪ੍ਰੀ-ਐਗਜਾਮ ਕਲੀਅਰ ਵੀ ਕਰ ਚੁੱਕਾ ਹੈ।

Leave a Reply

Your email address will not be published.