Home / ਪੰਜਾਬ / ਸੜਕ ਹਾਦਸੇ ਵਿੱਚ ਵਿਦਿਆਰਥਣ ਹਲਾਕ

ਸੜਕ ਹਾਦਸੇ ਵਿੱਚ ਵਿਦਿਆਰਥਣ ਹਲਾਕ

Spread the love

ਚੰਡੀਗੜ੍ਹ-ਇੱਥੇ ਵਾਪਰੇ ਇੱਕ ਸੜਕ ਹਾਦਸੇ ਵਿੱਚ 22 ਸਾਲਾ ਦੀ ਵਿਦਿਆਰਥਣ ਦੀ ਮੌਤ ਹੋ ਗਈ ਅਤੇ ਉਸਦੀ ਸਾਥਣ ਗੰਭੀਰ ਜ਼ਖਮੀ ਹੋ ਗਈ। ਇਹ ਘਟਨਾ ਲੰਘੀ ਰਾਤ ਸੈਕਟਰ 35 ਤੇ 36 ਨੂੰ ਵੰਡਦੀ ਸੜਕ ਉੱਤੇ ਘਟੀ।
ਮ੍ਰਿਤਕਾ ਦੀ ਪਛਾਣ ਹਿਮਾਨੀ ਵਜੋਂ ਹੋਈ ਹੈ। ਉਹ ਐਮਸੀਐਮ ਕਾਲਜ ਸੈਕਟਰ 36 ਦੀ ਵਿਦਿਆਰਥਣ ਸੀ ਅਤੇ ਭਿਵਾਨੀ (ਹਰਿਆਣਾ) ਨਾਲ ਸਬੰਧਤ ਸੀ। ਪੁਲੀਸ ਅਨੁਸਾਰ ਇੱਥੇ ਸੈਕਟਰ 36 ਵਿੱਚ ਬਤੌਰ ਪੇਇੰਗ ਗੈਸਟ (ਪੀਜੀ) ਰਹਿੰਦੀ ਹਿਮਾਨੀ ਆਪਣੀ ਸਹੇਲੀ ਮਹਿਮਾ ਨਰੂਲਾ, ਜੋ ਸੈਕਟਰ 35 ਵਿੱਚ ਪੀਜੀ ’ਚ ਰਹਿੰਦੀ ਹੈ, ਉਸ ਨਾਲ ਲੰਘੀ ਰਾਤ ਏਲਾਂਤੇ ਮਾਲ ਗਈ ਸੀ। ਇਹ ਦੋਵੇਂ ਐਕਟਿਵਾ ਸਕੂਟਰ ’ਤੇ ਸਨ। ਸਕੂਟਰ ਮਹਿਮਾ ਚਲਾ ਰਹੀ ਸੀ ਅਤੇ ਹਿਮਾਨੀ ਉਸ ਦੇ ਪਿੱਛੇ ਬੈਠੀ ਸੀ। ਦੋਵੇਂ ਲੜਕੀਆਂ ਸਕੂਟਰ ਉੱਤੇ ਵਾਪਸ ਆ ਰਹੀਆਂ ਸਨ ਅਤੇ ਜਦੋਂ ਉਹ ਸੈਕਟਰ 35 ਤੇ 36 ਨੂੰ ਵੰਡਦੀ ਸੜਕ ਉੱਤੇ ਪੁੱਜੀਆਂ ਤਾਂ ਤੇਜ਼ ਰਫ਼ਤਾਰ ਆ ਰਹੇ ਥ੍ਰੀਵ੍ਹੀਲਰ ਚਾਲਕ ਨੇ ਸਕੂਟਰ ਨੂੰ ਬੁਰੀ ਤਰ੍ਹਾਂ ਫੇਟ ਮਾਰ ਦਿੱਤੀ। ਇਸ ਦੌਰਾਨ ਬੜੀ ਚਲਾਕੀ ਨਾਲ ਥ੍ਰੀਵ੍ਹੀਲਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਸੜਕ ’ਤੇ ਤੜਫ ਰਹੀਆਂ ਕੁੜੀਆਂ ਨੂੰ ਇੱਕ ਵਾਹਨ ਚਾਲਕ ਆਪਣੇ ਵਾਹਨ ਰਾਹੀਂ ਹੀ ਸੈਕਟਰ 16 ਦੇ ਸਰਕਾਰੀ ਹਸਪਤਾਲ ਲੈ ਕੇ ਗਿਆ। ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਪਰ ਹਿਮਾਨੀ ਦੀ ਹਾਲਤ ਨਾਜ਼ਕ ਹੋਣ ਕਾਰਨ ਉਸ ਨੂੰ ਪੀਜੀਆਈ ਭੇਜ ਦਿੱਤਾ, ਜਿਥੇ ਉਸਦੀ ਮੌਤ ਹੋ ਗਈ। ਜ਼ਖ਼ਮੀ ਲੜਕੀ ਮਹਿਮਾ ਨੇ ਪੁਲੀਸ ਨੂੰ ਦੱਸਿਆ ਕਿ ਥ੍ਰੀਵ੍ਹੀਲਰ ਬੜੀ ਤੇਜ਼ੀ ਨਾਲ ਸਕੂਟਰ ਵਿੱਚ ਵੱਜਾ ਅਤੇ ਉਨ੍ਹਾਂ ਨੂੰ ਕੁੱਝ ਪਤਾ ਹੀ ਨਹੀਂ ਲੱਗਾ। ਪੁਲੀਸ ਅਨੁਸਾਰ ਪਹਿਲਾਂ ਸੈਕਟਰ 36 ਥਾਣੇ ਵਿਚ ਅਣਪਛਾਤੇ ਥ੍ਰੀਵ੍ਹੀਲਰ ਚਾਲਕ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਰਾਵਾਂ 279 ਤੇ 337 ਤਹਿਤ ਕੇਸ ਦਰਜ ਕੀਤਾ ਸੀ ਪਰ ਬਾਅਦ ਵਿਚ ਹਿਮਾਨੀ ਦੀ ਮੌਤ ਹੋਣ ’ਤੇ ਐਫਆਈਆਰ ਵਿਚ ਧਾਰਾ 304 ਏ ਵੀ ਜੋੜ ਦਿੱਤੀ ਹੈ। ਇਸੇ ਤਰ੍ਹਾਂ ਕੱਲ੍ਹ ਆਈਟੀ ਪਾਰਕ ਵਿਖੇ ਥ੍ਰੀਵ੍ਹੀਲਰ ਦੇ ਹੀ ਇੱਕ ਖੜ੍ਹੀ ਕਾਰ ਨਾਲ ਵੱਜਣ ਕਾਰਨ ਇੱਕ 12 ਲੜਕੇ ਅਭਿਮਨਿਊ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਿਤਾ ਰਜਿੰਦਰ ਸਿੰਘ ਤੇ ਮਾਤਾ ਦੇਵਸ਼ਿਰੀ ਸਮੇਤ 5 ਵਿਅਕਤੀ ਜ਼ਖਮੀ ਹੋ ਗਏ ਸਨ। ਇਸ ਦੌਰਾਨ ਥ੍ਰੀਵ੍ਹੀਲਰ ਚਾਲਕ ਵੀ ਜ਼ਖਮੀ ਹੋ ਗਿਆ ਸੀ ਅਤੇ ਪੁਲੀਸ ਨੇ ਥ੍ਰੀਵ੍ਹੀਲਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published.