Home / ਦੇਸ਼ ਵਿਦੇਸ਼ / ਮਾਲਿਆ ਨੂੰ ਝਟਕਾ, ਯੂ. ਕੇ. ‘ਚ ਕਿੰਗਫ਼ਿਸ਼ਰ ਕੇਸ ਹਾਰੀ

ਮਾਲਿਆ ਨੂੰ ਝਟਕਾ, ਯੂ. ਕੇ. ‘ਚ ਕਿੰਗਫ਼ਿਸ਼ਰ ਕੇਸ ਹਾਰੀ

Spread the love

ਲੰਡਨ-ਭਾਰਤ ‘ਚ ਅਦਾਲਤ ਵਲੋਂ ਭਗੌੜਾ ਐਲਾਨੇ ਜਾ ਚੁੱਕੇ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਉਸ ਦੀ ਕਿੰਗਫ਼ਿਸ਼ਰ ਏਅਰਲਾਈਨਜ਼ ਯੂ. ਕੇ. ‘ਚ ਇਕ ਕੇਸ ਹਾਰ ਗਈ ਹੈ। ਇਸ ‘ਚ ਮਾਲਿਆ ਨੂੰ ਸਿੰਗਾਪੁਰ ਦੀ ਇਕ ਕੰਪਨੀ ਨੂੰ 90 ਮਿਲੀਅਨ ਡਾਲਰ (ਲਗਪਗ 579 ਕਰੋੜ) ਕਲੇਮ ਦੇ ਤੌਰ ‘ਤੇ ਦੇਣ ਨੂੰ ਕਿਹਾ ਗਿਆ ਹੈ। ਇਹ ਮਾਮਲਾ ਕਿੰਗਫ਼ਿਸ਼ਰ ਏਅਰਲਾਈਨ ਵਲੋਂ ਜਹਾਜ਼ਾਂ ਦੀ 2014 ‘ਚ ਲਈ ਲੀਜ਼ਿੰਗ ਸਬੰਧੀ ਹੈ। ਜਸਟਿਸ ਪਿਕਨ ਨੇ ਲੰਡਨ ਹਾਈਕੋਰਟ ਦੀ ਕਾਰੋਬਾਰੀ ਅਤੇ ਪ੍ਰਾਪਰਟੀ ਅਦਾਲਤ ‘ਚ ਕਿਹਾ ਕਿ ਬਚਾਅ ਪੱਖ ਕੋਲ ਆਪਣੇ ਸਫ਼ਲ ਬਚਾਅ ਲਈ ਕੋਈ ਸੰਭਾਵਨਾ ਨਹੀਂ ਹੈ। ਸਿੰਗਾਪੁਰ ‘ਚ ਬੀ. ਓ. ਸੀ. ਐਵੀਏਸ਼ਨ (ਹਵਾਬਾਜ਼ੀ) ਅਤੇ ਬੀ. ਓ. ਸੀ. ਐਵੀਏਸ਼ਨ (ਆਇਰਲੈਂਡ) ਲਿਮਟਿਡ ਵਲੋਂ ਪੇਸ਼ ਕੀਤੇ ਦਾਅਵਿਆਂ ‘ਚ ਮੁਲਜ਼ਮਾਂ ਨੂੰ ਕਿੰਗਫ਼ਿਸ਼ਰ ਏਅਰਲਾਈਨਜ਼ ਲਿਮਟਿਡ ਤੇ ਯੂਨਾਈਟਡ ਬਰੈਵਰੀਜ਼ (ਹੋਲਡਿੰਗਜ਼) ਲਿਮਟਿਡ ਦੇ ਨਾਂਅ ਦਿੱਤੇ ਗਏ ਹਨ। ਸਿੰਗਾਪੁਰ ‘ਚ ਬੀ. ਓ. ਸੀ. ਐਵੀਏਸ਼ਨ ਦੇ ਬੁਲਾਰੇ ਨੇ ਕਿਹਾ ਕਿ ਉਹ ਫ਼ੈਸਲੇ ਤੋਂ ਖੁਸ਼ ਹਨ। ਦੱਸਣਯੋਗ ਹੈ ਕਿ ਕਿੰਗਫ਼ਿਸ਼ਰ ਏਅਰਲਾਈਨ ਅਤੇ ਹਵਾਈ ਜਹਾਜ਼ ਲੀਜ਼ ‘ਤੇ ਦੇਣ ਵਾਲੀ ਕੰਪਨੀ ਬੀ. ਓ. ਸੀ. ਐਵੀਏਸ਼ਨ ਵਿਚਕਾਰ 4 ਜਹਾਜ਼ਾਂ ਦਾ ਲੀਜ਼ਿੰਗ ਸਮਝੌਤੇ ਦਾ ਇਹ ਮਾਮਲਾ ਸੀ, ਜਿਸ ‘ਚੋਂ ਕੰਪਨੀ ਨੇ ਤਿੰਨ ਜਹਾਜ਼ ਦੇ ਦਿੱਤੇ ਸਨ ਅਤੇ ਚੌਥਾ ਜਹਾਜ਼ ਭੁਗਤਾਨ ਨਾ ਹੋਣ ਕਰਕੇ ਰੋਕ ਦਿੱਤਾ ਗਿਆ ਸੀ। ਜਸਟਿਸ ਪਿਕਨ ਨੇ ਬੀ. ਓ. ਸੀ. ਐਵੀਏਸ਼ਨ ਨੂੰ ਵਿਆਜ ਅਤੇ ਕਾਨੂੰਨੀ ਖ਼ਰਚੇ ਸਮੇਤ ਲਗਪਗ 90 ਮਿਲੀਅਨ ਡਾਲਰ ਦੇਣ ਦੇ ਹੁਕਮ ਦਿੱਤੇ। ਅਦਾਲਤੀ ਹੁਕਮ ਅਨਸੁਾਰ ਦੂਜੀ ਬਚਾਅ ਧਿਰ ਯੂਨਾਈਟਡ ਬਰੈਵਰੀਜ਼ ਸਾਂਝੇ ਤੌਰ ‘ਤੇ ਅਤੇ ਪਹਿਲੀ ਬਚਾਅ ਧਿਰ ਕਿੰਗਫਿਸ਼ਰ ਏਅਰਲਾਈਨ ਵਲੋਂ ਬੀ. ਓ. ਸੀ. ਨੂੰ ਅੱਧਾ ਖ਼ਰਚਾ ਅਦਾ ਕਰਨਾ ਹੋਵੇਗਾ ਪਰ ਕਿੰਗਫ਼ਿਸ਼ਰ ਵਲੋਂ ਅਜੇ ਤੱਕ ਇਸ ਸਬੰਧੀ ਕੋਈ ਬਿਆਨ ਨਹੀਂ ਆਇਆ। ਜ਼ਿਕਰਯੋਗ ਹੈ ਕਿ 9000 ਕਰੋੜ ਰੁਪਏ ਦੇ ਭਾਰਤੀ ਬੈਂਕਾਂ ਤੋਂ ਲਏ ਕਰਜ਼ੇ ਦੇ ਸਬੰਧੀ ਵਿਜੇ ਮਾਲਿਆ ਦੀ ਭਾਰਤ ਸਪੁਰਦਗੀ ਦੇ ਮਾਮਲੇ ਦੀ ਸੁਣਵਾਈ ਲੰਡਨ ਦੀ ਅਦਾਲਤ ‘ਚ 16 ਮਾਰਚ ਤੋਂ ਮੁੜ ਸ਼ੁਰੂ ਹੋ ਰਹੀ ਹੈ ਅਤੇ ਇਸ ਸੁਣਵਾਈ ਦੀ ਮਈ ‘ਚ ਸਮਾਪਤ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published.