Home / ਪੰਜਾਬ / ਆਬਕਾਰੀ ਵਿਭਾਗ ਨੇ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇ

ਆਬਕਾਰੀ ਵਿਭਾਗ ਨੇ ਫੜੇ 65 ਲੱਖ ਦੇ ਸੋਨੇ ਦੇ ਗਹਿਣੇ ਤੇ ਹੀਰੇ

Spread the love

ਫਿਲੌਰ-ਟੂਰਿਸਟ ਬੱਸਾਂ ਸਮੱਗਲਰਾਂ ਦਾ ਨਾਜਾਇਜ਼ ਸਾਮਾਨ ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਪਹੁੰਚਾਉਣ ਦਾ ਜ਼ਰੀਆ ਬਣ ਰਹੀਆਂ ਹਨ। ਇਸੇ ਤਹਿਤ ਆਬਕਾਰੀ ਵਿਭਾਗ ਨੇ ਛਾਪਾ ਮਾਰ ਕੇ ਪ੍ਰਾਈਵੇਟ ਬੱਸ ‘ਚੋਂ 65 ਲੱਖ ਤੋਂ ਉੱਪਰ ਦਾ ਸੋਨਾ, ਸੋਨੇ ਦੇ ਗਹਿਣੇ ਅਤੇ ਹੀਰੇ ਫੜੇ ਹਨ। ਬੀਤੇ ਦਿਨੀਂ ਸਵੇਰੇ 3.30 ਵਜੇ ਈ. ਟੀ. ਓ. ਪਵਨ ਨੇ ਸਹਾਇਕ ਕਮਿਸ਼ਨਰ ਡੀ. ਐੱਸ. ਭੱਟੀ ਦੀ ਟੀਮ ਦੇ ਨਾਲ ਸਤਲੁਜ ਦਰਿਆ ਨੇੜੇ ਨਾਕਾਬੰਦੀ ਕਰ ਕੇ ਦਿੱਲੀ ਤੋਂ ਅੰਮ੍ਰਿਤਸਰ ਜਾ ਰਹੀ ਪ੍ਰਾਈਵੇਟ ਬੱਸ ਨੰਬਰ ਯੂ. ਪੀ. 17-ਏ. ਪੀ.-1103 ਦੀ ਜਾਂਚ ਕੀਤੀ ਤਾਂ ਉਸ ‘ਚੋਂ ਵੱਡੀ ਮਾਤਰਾ ‘ਚ ਸੋਨਾ, ਸੋਨੇ ਦੇ ਗਹਿਣੇ ਤੇ ਹੀਰੇ ਮਿਲੇ, ਜਿਨ੍ਹਾਂ ਦੀ ਕੀਮਤ 65 ਲੱਖ ਤੋਂ ਵੀ ਉੱਪਰ ਬਣਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਜਦੋਂ ਇਸ ਸਬੰਧ ਵਿਚ ਬੱਸ ‘ਚ ਬੈਠੇ ਯਾਤਰੀਆਂ ਤੋਂ ਅਧਿਕਾਰੀਆਂ ਨੇ ਪੁੱਛਗਿੱਛ ਕਰਨੀ ਚਾਹੀ ਤਾਂ ਬੱਸ ਦੇ ਕੰਡਕਟਰ ਨੇ ਅੱਗੋਂ ਅਧਿਕਾਰੀਆਂ ਨੂੰ ਦੱਸਿਆ ਕਿ ਇਕ ਅਣਪਛਾਤਾ ਵਿਅਕਤੀ ਉਸ ਨੂੰ ਬੱਸ ਸਟੈਂਡ ‘ਤੇ ਇਹ ਪੈਕੇਟ ਫੜਾ ਕੇ ਇੰਨਾ ਕਹਿ ਕੇ ਚਲਾ ਗਿਆ ਕਿ ਅੰਮ੍ਰਿਤਸਰ ‘ਚ ਵਿਅਕਤੀ ਆ ਕੇ ਉਸ ਨੂੰ ਲੈ ਲਵੇਗਾ। ਅਧਿਕਾਰੀਆਂ ਨੇ ਮਾਲ ਜ਼ਬਤ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਝ ਰੁਪਇਆਂ ਦੀ ਖਾਤਰ ਬੱਸ ਦੇ ਡਰਾਈਵਰ ਤੇ ਕੰਡਕਟਰ ਖੇਡ ਰਹੇ ਨੇ ਆਪਣੀ ਅਤੇ ਯਾਤਰੀਆਂ ਦੀ ਜਾਨ ਨਾਲ ਦੋ ਨੰਬਰ ਦਾ ਨਾਜਾਇਜ਼ ਧੰਦਾ ਕਰਨ ਵਾਲੇ ਲੋਕਾਂ ਲਈ ਯਾਤਰੀ ਬੱਸਾਂ ਉਨ੍ਹਾਂ ਦਾ ਸਾਮਾਨ ਬਿਨਾਂ ਜਾਣ-ਪਛਾਣ ਦੇ ਖਤਰੇ ਵਿਚ ਪਾ ਕੇ ਇਕ ਪ੍ਰਦੇਸ਼ ਤੋਂ ਦੂਸਰੇ ਪ੍ਰਦੇਸ਼ ਪਹੁੰਚਾਉਣ ਦਾ ਸੌਖਾ ਜ਼ਰੀਆ ਸਾਬਤ ਹੋ ਰਹੀਆਂ ਹਨ।
ਸੂਤਰਾਂ ਅਨੁਸਾਰ ਦੋ ਨੰਬਰ ਦੇ ਨਾਜਾਇਜ਼ ਕਾਰੋਬਾਰੀ ਬੱਸ ਦੇ ਡਰਾਈਵਰ ਜਾਂ ਕੰਡਕਟਰ ਨੂੰ ਸਿਰਫ 500 ਤੋਂ ਹਜ਼ਾਰ ਰੁਪਏ ਦਾ ਨੋਟ ਫੜਾ ਕੇ ਆਪਣਾ ਨਾਜਾਇਜ਼ ਸਾਮਾਨ ਦੂਸਰੇ ਸ਼ਹਿਰ ਲਿਜਾਣ ਲਈ ਫੜਾ ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬੱਸ ਦਾ ਡਰਾਈਵਰ ਅਤੇ ਕੰਡਕਟਰ ਕੁੱਝ ਰੁਪਇਆਂ ਖਾਤਰ ਉਕਤ ਸਾਮਾਨ ਦੀ ਜਾਂਚ ਕੀਤੇ ਬਿਨਾਂ ਉਸ ਨੂੰ ਫੜ ਲੈਂਦੇ ਹਨ। ਉਹ ਇਹ ਤਕ ਵੀ ਨਹੀਂ ਸੋਚਦੇ ਕਿ ਜੇਕਰ ਉਕਤ ਅਣਪਛਾਤਾ ਵਿਅਕਤੀ ਉਨ੍ਹਾਂ ਨੂੰ ਵਿਸਫੋਟਕ ਸਮੱਗਰੀ ਫੜਾ ਕੇ ਚਲਾ ਜਾਵੇ ਤਾਂ ਉਹ ਆਪਣੇ ਨਾਲ ਯਾਤਰਾ ਕਰਨ ਵਾਲੇ ਉਨ੍ਹਾਂ ਲੋਕਾਂ ਦੀ ਜਾਨ ਨੂੰ ਵੀ ਖਤਰੇ ‘ਚ ਪਾ ਰਹੇ ਹਨ, ਜੋ ਉਸ ਬੱਸ ‘ਚ ਸਫਰ ਕਰ ਰਹੇ ਹੁੰਦੇ ਹਨ।
ਬੀਤੇ ਦਿਨੀਂ ਵੀ ਕੁਝ ਅਜਿਹਾ ਹੀ ਹੋਇਆ ਇਕ ਅਣਪਛਾਤਾ ਵਿਅਕਤੀ ਬੱਸ ਦੇ ਕੰਡਕਟਰ ਨੂੰ ਕੁੱਝ ਰੁਪਏ ਦੇ ਕੇ 65 ਲੱਖ ਦੇ ਗਹਿਣੇ ਫੜਾ ਕੇ ਚਲਾ ਗਿਆ। ਜੇਕਰ ਇਸ ਦੀ ਸੂਚਨਾ ਸਮੇਂ ਤੇ ਵਿਭਾਗ ਤੇ ਅਧਿਕਾਰੀਆਂ ਨੂੰ ਨਾ ਮਿਲਦੀ ਤਾਂ ਇਹ ਦੋ ਨੰਬਰ ਦਾ ਨਾਜਾਇਜ਼ ਸੋਨਾ ਬਹੁਤ ਹੀ ਆਸਾਨੀ ਨਾਲ ਦੂਸਰੇ ਵਿਅਕਤੀ ਦੇ ਹੱਥ ਵਿਚ ਪਹੁੰਚ ਜਾਣਾ ਸੀ। ਜੇਕਰ ਇਹ ਲੱਖਾਂ ਦਾ ਸੋਨਾ ਨਾਜਾਇਜ਼ ਨਾ ਹੁੰਦਾ ਤਾਂ ਨਿਸ਼ਚਿਤ ਹੀ ਉਸ ਦਾ ਮਾਲਕ ਬੱਸ ਵਿਚ ਮੌਜੂਦ ਹੋਣਾ ਸੀ।

Leave a Reply

Your email address will not be published.