ਮੁੱਖ ਖਬਰਾਂ
Home / ਮੁੱਖ ਖਬਰਾਂ / ਪਾਕਿ ਲੜਕੇ ਦੀ ਵਤਨ ਵਾਪਸੀ ਲਈ ਸਹਿਯੋਗ ਦਾ ਵਾਅਦਾ
punjab page; CM Capt Amarinder pays floral tributes during the programme to commemorate Dr Bhim Rao Ambedkar in Amritsar on Wednesday photo vishal kumar.

ਪਾਕਿ ਲੜਕੇ ਦੀ ਵਤਨ ਵਾਪਸੀ ਲਈ ਸਹਿਯੋਗ ਦਾ ਵਾਅਦਾ

Spread the love

ਅੰਮ੍ਰਿਤਸਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਪਾਕਿਸਤਾਨ ਦੇ ਲਾਪਤਾ ਲੜਕੇ ਹਾਮਿਦ ਹਸਨ, ਜੋ ਇਸ ਵੇਲੇ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ, ਦੀ ਤੁਰੰਤ ਘਰ ਵਾਪਸੀ ਲਈ ਕੇਂਦਰ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ। ਮੁੱਖ ਮੰਤਰੀ ਅੱਜ ਇਥੇ ਆਰਟ ਗੈਲਰੀ ਵਿੱਚ ਡਾ. ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਆਏ ਸਨ। ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਜਦੋਂ ਉਨ੍ਹਾਂ ਦਾ ਧਿਆਨ ਪਾਕਿਸਤਾਨ ਦੇ ਲਾਪਤਾ ਲੜਕੇ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਪਰ ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ ਮੰਤਰੀ ਨੇ ਇਸ ਬਾਰੇ ਸੂਬਾ ਸਰਕਾਰ ਕੋਲੋਂ ਕੋਈ ਸਹਿਯੋਗ ਮੰਗਿਆ ਤਾਂ ਉਹ ਲੜਕੇ ਦੀ ਤੁਰੰਤ ਘਰ ਵਾਪਸੀ ਲਈ ਪੂਰਾ ਸਾਥ ਦੇਣਗੇ। ਉਨ੍ਹਾਂ ਇਹ ਵੀ ਆਖਿਆ ਕਿ ਜੇਲ੍ਹ ਵਿੱਚ ਬੰਦ ਇਸ ਲੜਕੇ ਬਾਰੇ ਉਹ ਪਤਾ ਕਰਾਉਣਗੇ। ਜ਼ਿਕਰਯੋਗ ਹੈ ਕਿ ਹਾਮਿਦ ਹਸਨ ਫਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਬੰਦ ਹੈ, ਜੋ ਚੰਗੀ ਤਰ੍ਹਾਂ ਬੋਲਣ ਅਤੇ ਸੁਨਣ ਤੋਂ ਅਸਮਰੱਥ ਹੈ। ਉਸ ਨੂੰ ਫਿਰੋਜ਼ਪੁਰ ਸਦਰ ਪੁਲੀਸ ਵੱਲੋਂ 3 ਮਈ ਨੂੰ ਆਵਾਰਾ ਹਾਲਾਤ ਵਿੱਚ ਕਾਬੂ ਕੀਤਾ ਗਿਆ ਸੀ ਅਤੇ 5 ਮਈ ਤੋਂ ਉਹ ਫਰੀਦਕੋਟ ਵਿੱਚ ਬੰਦ ਹੈ। ਹਾਮਿਦ ਖ਼ਿਲਾਫ਼ ਇੰਡੀਅਨ ਪਾਸਪੋਰਟ ਐਕਟ ਦੀ ਧਾਰਾ 3, 34, 20 ਅਤੇ 14 ਫੌਰੇਨ ਐਕਟ ਹੇਠ ਕੇਸ ਦਰਜ ਕੀਤਾ ਗਿਆ ਹੈ। ਹਾਲ ਹੀ ਵਿੱਚ ਇਸ ਲੜਕੇ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਪਾਕਿਸਤਾਨੀ ਸਫ਼ਾਰਤਖਾਨੇ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਕੌਂਸਲਿੰਗ ਵੇਲੇ ਪੇਸ਼ ਕੀਤਾ ਗਿਆ ਸੀ। ਮਗਰੋਂ ਉਸ ਦੀ ਤਸਵੀਰ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਮੀਡੀਆ ਕੋਲ ਪੁੱਜੀ ਸੀ। ਪਾਕਿਸਤਾਨੀ ਮੀਡੀਆ ਵੱਲੋਂ ਹਾਮਿਦ ਦੀ ਤਸਵੀਰ ਪ੍ਰਸਾਰਿਤ ਕੀਤੇ ਜਾਣ ਤੋਂ ਬਾਅਦ ਉਸ ਦੀ ਸ਼ਨਾਖਤ ਸੰਭਵ ਹੋ ਸਕੀ ਹੈ। ਉਸ ਦੇ ਪਿਤਾ ਗੁਲਾਮ ਮੁਸਤਫਾ ਵੱਲੋਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਸ ਦੇ ਲੜਕੇ ਹਾਮਿਦ ਹਸਨ ਦੀ ਘਰ ਵਾਪਸੀ ਲਈ ਯਤਨ ਕੀਤਾ ਜਾਵੇ। ਲੜਕੇ ਦੇ ਭਾਰਤ ਦੀ ਜੇਲ੍ਹ ਵਿੱਚ ਪੁੱਜਣ ਬਾਰੇ ਉਸ ਦੇ ਪਿਤਾ ਨੂੰ ਕੋਈ ਇਲਮ ਨਹੀਂ ਹੈ। ਮੀਡੀਆ ਰਾਹੀਂ ਸ਼ਨਾਖਤ ਹੋਣ ਮਗਰੋਂ ਪਾਕਿਸਤਾਨੀ ਲੜਕੇ ਦੀ ਘਰ ਵਾਪਸੀ ਲਈ ਚਾਰਾਜੋਈ ਸ਼ੁਰੂ ਹੋਈ ਹੈ, ਜਿਸ ਬਾਰੇ ਮੁੱਖ ਮੰਤਰੀ ਨੇ ਵੀ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਵਿਧਾਇਕ ਰਾਜ ਕੁਮਾਰ ਵੇਰਕਾ ਵੱਲੋਂ ਕਰਵਾਏ ਗਏ ਸਮਾਗਮ ’ਚ ਮੁੱਖ ਮੰਤਰੀ ਨੇ ਡਾ. ਅੰਬੇਦਕਰ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਦੇਣ ਨੂੰ ਦੇਸ਼ ਕਦੇ ਵੀ ਨਹੀਂ ਭੁਲਾ ਸਕਦਾ। ਉਨ੍ਹਾਂ ਵੱਲੋਂ ਰਚੇ ਸੰਵਿਧਾਨ ਨਾਲ ਹੀ ਅੱਜ ਦੇਸ਼ ਚਲ ਰਿਹਾ ਹੈ। ਇਸ ਮੌਕੇ ਵਿਧਾਇਕ ਰਾਜ ਕੁਮਾਰ ਵੱਲੋਂ ਦੇਸ਼ ਭਗਤੀ ਅਤੇ ਡਾ. ਅੰਬੇਦਕਰ ਦੇ ਜੀਵਨ ਬਾਰੇ ਤਿਆਰ ਕੀਤੇ ਗਏ ਦ੍ਰਿਸ਼ ਵੀ ਸਕਰੀਨ ’ਤੇ ਦਿਖਾਏ ਗਏ। ਸਮਾਗਮ ’ਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਤੇ ਹੋਰ ਕਾਂਗਰਸ ਆਗੂ ਹਾਜ਼ਰ ਸਨ।

Leave a Reply

Your email address will not be published.