ਮੁੱਖ ਖਬਰਾਂ
Home / ਮੁੱਖ ਖਬਰਾਂ / 4 ਥਾਵਾਂ ‘ਤੇ ਗੋਲੀਬਾਰੀ ਮਗਰੋਂ ਅਕਾਲੀ ਦਲ ਵਲੋਂ ਚੋਣਾਂ ਰੱਦ ਕਰਨ ਦੀ ਮੰਗ

4 ਥਾਵਾਂ ‘ਤੇ ਗੋਲੀਬਾਰੀ ਮਗਰੋਂ ਅਕਾਲੀ ਦਲ ਵਲੋਂ ਚੋਣਾਂ ਰੱਦ ਕਰਨ ਦੀ ਮੰਗ

Spread the love

ਚੰਡੀਗੜ੍ਹ-ਮਿਊਂਸਪਲ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਪੰਜਾਬ ‘ਚ 4 ਥਾਂਵਾਂ ‘ਤੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਵਾਰਦਾਤਾਂ ਦੀਆਂ ਫੋਟੋਆਂ ਰਾਜ ਚੋਣ ਕਮਿਸ਼ਨਰ ਨੂੰ ਵਿਖਾਉਂਦਿਆਂ ਮੰਗ ਕੀਤੀ ਕਿ ਉਨ੍ਹਾਂ ਚਾਰ ਥਾਵਾਂ ‘ਤੇ ਮਿਉਂਸਪਲ ਚੋਣਾਂ ਦਾ ਅਮਲ ਰੱਦ ਕਰਕੇ ਨਵੇਂ ਸਿਰਿਓ ਸ਼ੁਰੂ ਕੀਤਾ ਜਾਵੇ। ਇਸ ਦੇ ਨਾਲ ਹੀ ਅਕਾਲੀ ਦਲ ਨੇ ਚੋਣ ਕਮਿਸ਼ਨਰ ਨੂੰ ਕਿਹਾ ਕਿ ਜਿਹੜੇ ਅਧਿਕਾਰੀਆਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਨ. ਓ. ਸੀ. ਨਹੀਂ ਜਾਰੀ ਕੀਤੇ, ਉਨ੍ਹਾਂ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਦੀ ਅਗਵਾਈ ‘ਚ ਅਕਾਲੀ ਆਗੂਆਂ ਦਾ ਵਫ਼ਦ ਇਥੇ ਰਾਜ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਮਿਲਿਆ। ਹਿੰਸਕ ਵਾਰਦਾਤਾਂ ਦੀਆਂ ਫੋਟੋਆਂ ਅਤੇ ਮੰਗ ਪੱਤਰ, ਕਮਿਸ਼ਨਰ ਅੱਗੇ ਪੇਸ਼ ਕਰਦਿਆਂ ਡਾ: ਚੀਮਾ ਨੇ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹੇ ‘ਚ ਪੈਂਦੀਆਂ ਮੱਲਾਂਵਾਲਾ ਅਤੇ ਮੱਖੂ ਦੀਆਂ ਨਗਰ ਪੰਚਾਇਤਾਂ, ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਘਨੌਰ ਅਤੇ ਮੋਗਾ ਜ਼ਿਲ੍ਹੇ ‘ਚ ਬਾਘਾਪੁਰਾਣਾ ਦੀਆਂ ਨਗਰ ਕੌਂਸਲ ਚੋਣਾਂ ਤੁਰੰਤ ਰੱਦ ਕੀਤੀਆ ਜਾਣ। ਵਫ਼ਦ ਨੇ ਕਮਿਸ਼ਨਰ ਨੂੰ ਕਿਹਾ ਕਿ ਇਨ੍ਹਾਂ ਚਾਰੇ ਥਾਂਵਾਂ ‘ਤੇ ਕਾਂਗਰਸ ਦੇ ਗੁੰਡਿਆਂ ਨੇ ਹਿੰਸਾ ਕੀਤੀ ਅਤੇ ਅਕਾਲੀ ਆਗੂਆਂ ‘ਤੇ ਹਮਲੇ ਕੀਤੇ, ਜਿਸਦੇ ਚੱਲਦਿਆਂ ਅਕਾਲੀ ਦਲ ਦੇ ਫਿਰੋਜ਼ਪੁਰ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਜ਼ਖ਼ਮੀ ਹੋ ਗਏ ਅਤੇ ਬਾਘਾ ਪੁਰਾਣਾ ਸ਼ਹਿਰੀ ਪ੍ਰਧਾਨ ਪਵਨ ਢੰਡ ਦੀ ਬਾਂਹ ਟੁੱਟ ਗਈ, ਜਦਕਿ 7 ਅਕਾਲੀ ਵਰਕਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਖੇਮਕਰਨ ‘ਚ ਵੀ 13 ਅਕਾਲੀ ਉਮੀਦਵਾਰਾਂ ਦੇ ਘਰਾਂ ‘ਤੇ ਪੁਲਿਸ ਛਾਪੇ ਪਵਾ ਕੇ ਉਮੀਦਵਾਰਾਂ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਵਫ਼ਦ ਨੇ ਦੱਸਿਆ ਕਿ ਇਸ ਬਾਰੇ ਅਕਾਲੀ ਦਲ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ ਕਿ ਉਪਰੋਕਤ ਥਾਵਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ।

Leave a Reply

Your email address will not be published.