ਮੁੱਖ ਖਬਰਾਂ
Home / ਮੁੱਖ ਖਬਰਾਂ / ਖੰਨਾ ਪੁਲਿਸ ਵੱਲੋਂ ਡੇਢ ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

ਖੰਨਾ ਪੁਲਿਸ ਵੱਲੋਂ ਡੇਢ ਕਿਲੋ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

Spread the love

ਖੰਨਾ-ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਖੰਨਾ ਜ਼ਿਲ੍ਹਾ ਪੁਲਿਸ ਨੂੰ ਉਦੋਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਦੋਰਾਹਾ ਪੁਲਿਸ ਨੇ ਡੇਢ ਕਿਲੋ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ. ਐਸ. ਪੀ. ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਦੋਰਾਹਾ ਨਹਿਰੀ ਪੁੱਲ ‘ਤੇ ਐਸ ਪੀ. (ਆਈ) ਸ਼੍ਰੀ ਜਸਵੀਰ ਸਿੰਘ ਦੀ ਅਗਵਾਈ ਹੇਠਾਂ ਬਣੀ ਟੀਮ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ‘ਤੇ ਖੰਨਾ ਵੱਲੋਂ ਆ ਰਹੀ ਇੱਕ ਸਵਿਫ਼ਟ ਕਾਰ ਨੰਬਰ- ਪੀ.ਬੀ.03.ਏ.ਪੀ-7485 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ ਕਾਲੇ ਰੰਗ ਦੇ ਲਿਫ਼ਾਫ਼ੇ ਵਿੱਚ ਲਪੇਟੀ ਹੋਈ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਗੁਰੂਸਰ (ਬਠਿੰਡਾ) ਅਤੇ ਲਖਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁਤਵਾ (ਬਰਨਾਲਾ) ਵਜੋਂ ਹੋਈ। ਪੁਲਿਸ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਅਰੰਭ ਕਰ ਦਿੱਤੀ ਹੈ।
ਇਸੇ ਤਰ੍ਹਾਂ ਹੌਲਦਾਰ ਸੁਖਦੇਵ ਸਿੰਘ ਨੇ ਪੁਲਿਸ ਪਾਰਟੀ ਸਮੇਤ ਰਾਜਵੰਤ ਹਸਪਤਾਲ ਦੋਰਾਹਾ ਨੇੜੇ ਨਾਕਾਬੰਦੀ ਦੌਰਾਨ ਖੰਨਾ ਵੱਲੋਂ ਆ ਰਹੇ ਇੱਕ ਮਹਿੰਦਰਾ ਟੈਂਪੂ ਨੰਬਰ -ਪੀ.ਬੀ.10.ਈ.ਜੈਡ.ਟੀ-2164 ਨੂੰ ਰੋਕ ਕੇ ਸ਼ੱਕ ਦੇ ਅਧਾਰ ‘ਤੇ ਤਲਾਸ਼ੀ ਲਈ ਤਾਂ ਉਸ ਵਿਚੋਂ 24 ਪੇਟੀਆਂ ਅੰਗਰੇਜ਼ੀ ਸ਼ਰਾਬ ਅਤੇ 26 ਪੇਟੀਆਂ ਦੇਸੀ ਸ਼ਰਾਬ ਵੱਖ-ਵੱਖ ਮਾਰਕੇ ਦੀਆਂ ਕੁੱਲ 50 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ। ਦੋਸ਼ੀਆਂ ਦੀ ਪਹਿਚਾਣ ਗੁਰਚਰਨ ਸਿੰਘ ਉਰਫ਼ ਸੁੱਖਾ ਪੁੱਤਰ ਸਤਵੰਤ ਸਿੰਘ ਅਤੇ ਅਰਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਦੋਵੇਂ ਵਾਸੀ ਲੁਧਿਆਣਾ ਵਜੋਂ ਹੋਈ। ਦੋਸ਼ੀਆ ਖਿਲਾਫ਼ ਆਬਕਾਰੀ ਐਕਟ ਥਾਣਾ ਦੋਰਾਹਾ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਸ਼ਰਾਬ ਸਰਹਿੰਦ ਵੱਲੋਂ ਕਿਸੇ ਨਾਮਲੂਮ ਵਿਅਕਤੀ ਪਾਸੋਂ ਸਸਤੇ ਭਾਅ ਲਿਆ ਕੇ ਲੁਧਿਆਣੇ ਮਹਿੰਗੇ ਭਾਅ ਵੇਚਣੀ ਸੀ।
ਇਸੇ ਤਰ੍ਹਾਂ ਥਾਣਾ ਸਦਰ ਖੰਨਾ ਦੇ ਥਾਣੇਦਾਰ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਚੈਕਿੰਗ ਕਰ ਰਹੇ ਸੀ ਤਾਂ ਇੱਕ ਮੁਖਬਰ ਨੇ ਇਤਲਾਹ ਦਿੱਤੀ ਕਿ ਪੁਨੀਤ ਕੁਮਾਰ ਉਰਫ਼ ਡਿੰਮੀ ਪੁੱਤਰ ਸਤਪਾਲ ਕਾਲੀਆ ਵਾਸੀ ਖੰਨਾ ਸਮੇਤ ਇੱਕ ਨਾਮਲੂਮ ਵਿਅਕਤੀ ਟਾਟਾ ਇੰਡੀਗੋ ਕਾਰ ਨੰਬਰ ਪੀ. ਬੀ. 10. ਡੀ.ਕੇ.7806 ਰਾਹੀਂ ਭਾਰੀ ਮਾਤਰਾ ਵਿੱਚ ਸ਼ਰਾਬ ਲੋਡ ਕਰਕੇ ਗੋਬਿੰਦਗੜ੍ਹ ਤੋਂ ਬਦੀਨਪੁਰ ਹੁੰਦੇ ਹੋਏ ਪਿੰਡ ਬੁੱਲ੍ਹੇਪੁਰ ਵੱਲ ਆ ਰਹੇ ਹਨ ਤਾਂ ਪੁਲਿਸ ਨੇ ਉਹਨਾਂ ਨੂੰ ਯੂ. ਕੇ. ਪੈਲਸ ਨੇੜੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਦੋਸ਼ੀ ਕਾਰ ਵਿਚੋਂ ਉਤਰ ਕੇ ਫ਼ਰਾਰ ਹੋ ਗਏ। ਪੁਲਿਸ ਪਾਰਟੀ ਵੱਲੋਂ ਕਾਰ ਚੈਕ ਕਰਨ ਤੇ ਉਸ ਵਿਚੋਂ 10 ਪੇਟੀਆਂ ਮਾਲਟਾ ਅਤੇ 15 ਪੇਟੀਆਂ ਸੰਤਰਾ ਕੁੱਲ 25 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਆਬਕਾਰੀ ਐਕਟ ਅਧੀਨ ਦੋਸ਼ੀਆਂ ਦੀ ਭਾਲ ਅਰੰਭ ਦਿੱਤੀ ਹੈ।

Leave a Reply

Your email address will not be published.