ਮੁੱਖ ਖਬਰਾਂ
Home / ਪੰਜਾਬ / ਪੰਜਾਬ ਵਿੱਚ ਝੋਨੇ ਦੇ ਝਾੜ ਨੇ ਇਤਿਹਾਸ ਸਿਰਜਿਆ

ਪੰਜਾਬ ਵਿੱਚ ਝੋਨੇ ਦੇ ਝਾੜ ਨੇ ਇਤਿਹਾਸ ਸਿਰਜਿਆ

Spread the love

ਚੰਡੀਗੜ੍ਹ-ਪੰਜਾਬ ਵਿੱਚ ਝੋਨੇ ਦੇ ਝਾੜ ਨੇ ਐਤਕੀਂ ਨਵਾਂ ਇਤਿਹਾਸ ਸਿਰਜਿਆ ਹੈ। ਇਸ ਵਾਰ ਰਿਕਾਰਡਤੋੜ ਉਤਪਾਦਨ ਹੋਇਆ ਹੈ ਅਤੇ ਚਾਰ ਦਸੰਬਰ ਤਕ ਮੰਡੀਆਂ ਵਿੱਚ 192.17 ਲੱਖ ਮੀਟ੍ਰਿਕ ਟਨ ਫ਼ਸਲ ਪਹੁੰਚ ਚੁੱਕੀ ਹੈ। ਪਿਛਲੇ ਸਾਲ ਝੋਨੇ ਦਾ ਝਾੜ ਪਿਛਲੇ ਦਸ ਸਾਲਾਂ ਵਿੱਚ ਸਭ ਤੋਂ ਵੱਧ ਮੰਨਿਆ ਗਿਆ ਸੀ ਅਤੇ ਇਹ 168 ਲੱਖ ਮੀਟ੍ਰਿਕ ਟਨ ਦੱਸਿਆ ਜਾ ਰਿਹਾ ਹੈ। ਇਸ ਵਾਰ ਦਾ ਝਾੜ ਭਾਰਤ ਸਰਕਾਰ ਵੱਲੋਂ ਝੋਨੇ ਦੇ ਉਤਪਾਦਨ ਦੇ ਮਿੱਥੇ ਗਏ ਟੀਚੇ ਦਾ 51 ਫ਼ੀਸਦੀ ਬਣਦਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਮਿਲੇ ਅੰਕੜਿਆਂ ਮੁਤਾਬਿਕ 192.17 ਲੱਖ ਮੀਟ੍ਰਿਕ ਟਨ ਵਿੱਚੋਂ ਤੇਰਾਂ ਲੱਖ ਮੀਟ੍ਰਿਕ ਟਨ ਬਾਸਮਤੀ ਦੱਸੀ ਜਾ ਰਹੀ ਹੈ। ਕਿਸਾਨ ਨੇ ਜਿਹੜਾ ਚਾਵਲ ਆਪਣੇ ਖਾਣ ਲਈ ਰੱਖਿਆ ਹੈ, ਉਹ ਇਸ ਤੋਂ ਵੱਖਰਾ ਹੈ। ਮੰਡੀਆਂ ਵਿੱਚ ਆਈ ਜਿਣਸ ਵਿੱਚੋਂ 95 ਫ਼ੀਸਦੀ ਦੀ ਚੁਕਾਈ ਹੋ ਚੁੱਕੀ ਹੈ। ਝੋਨੇ ਦਾ ਭਾਅ 1590 ਰੁਪਏ ਪ੍ਰਤੀ ਕੁਇੰਟਲ ਲੱਗਾ ਹੈ ਜਿਸ ਨਾਲ ਕਿਸਾਨ ਖ਼ੁਸ਼ ਨਜ਼ਰ ਆ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਵਾਰ ਝੋਨੇ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ ਪੰਜਾਹ ਹਜ਼ਾਰ ਹੈਕਟੇਅਰ ਘੱਟ ਸੀ ਅਤੇ ਇਸ ਦੇ ਬਾਵਜੂਦ ਉਤਪਾਦਨ ਰਿਕਾਰਡਤੋੜ ਰਿਹਾ ਹੈ। ਇਸ ਵਾਰ ਝੋਨੇ ਦੀ ਤਾਂ ਰਿਕਾਰਡ ਪੈਦਾਵਾਰ ਹੋਈ ਹੈ ਪਰ ਹਾੜ੍ਹੀ ਦੀ ਫ਼ਸਲ ਦਾ ਉਤਪਾਦਨ ਘਟਣ ਦਾ ਡਰ ਪਹਿਲਾਂ ਹੀ ਬਣ ਗਿਆ ਹੈ। ਇਸ ਵਾਰ ਹਾਲੇ ਤਕ ਪੰਜ ਲੱਖ ਹੈਕਟੇਅਰ ਕਣਕ ਦੀ ਬਿਜਾਈ ਪਛੜੀ ਹੋਈ ਹੈ। ਖ਼ਰਾਬ ਮੌਸਮ ਕਾਰਨ ਖੇਤਾਂ ਵਿੱਚ ਬਿਜਾਈ ਲਈ ਬੱਤਰ ਨਹੀਂ ਆ ਰਹੀ ਅਤੇ ਬਿਜਾਈ ਦਾ ਕੰਮ ਲੇਟ ਹੋ ਗਿਆ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਲੇਟ ਬਿਜਾਈ ਨਾਲ ਝਾੜ ਘਟਣ ਦਾ ਖ਼ਦਸ਼ਾ ਰਹਿੰਦਾ ਹੈ, ਪਰ ਬਹੁਤ ਵਾਰ ਬੂਟੇ ਵਿੱਚ ਮਾਦਾ ਭਰਨ ਵੇਲੇ ਦਾ ਅਨੁਕੂਲ ਵਾਤਾਵਰਨ ਪੁਰਾਣੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿੰਦਾ ਹੈ। ਝੋਨੇ ਦੇ ਝਾੜ ਨੇ ਪੰਜਾਬ ਸਰਕਾਰ ਦੀ ਬਦਲਵੀਂ ਖੇਤੀ ਨੀਤੀ ਨੂੰ ਝਟਕਾ ਦਿੱਤਾ ਹੈ। ਉਂਜ ਬਦਲਵੀਂ ਖੇਤੀ ਦੀ ਮਾਰਕੀਟਿੰਗ ਦੇ ਢੁਕਵੇਂ ਬੰਦੋਬਸਤ ਨਾ ਹੋਣੇ ਵੀ ਇਸ ਨੂੰ ਨਾ ਅਪਨਾਉਣ ਦਾ ਇੱਕ ਕਾਰਨ ਬਣਿਆ ਹੈ।
ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਬੈਂਸ ਨੇ ਕਿਹਾ ਹੈ ਕਿ ਇਸ ਵਾਰ ਦਾ ਝੋਨੇ ਦੇ ਝਾੜ ਨੇ ਰਿਕਾਰਡ ਬਣਾਇਆ ਹੈ ਅਤੇ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਦੇ ਰਜਿਸਟਰਾਂ ਵਿੱਚ ਏਨਾ ਝਾੜ ਪਹਿਲਾਂ ਕਦੇ ਦਰਜ ਨਹੀਂ ਹੋਇਆ ਹੈ।

Leave a Reply

Your email address will not be published.