ਮੁੱਖ ਖਬਰਾਂ
Home / ਪੰਜਾਬ / ਕਾਨੂੰਨ ਦੇ ਰਾਖਿਆਂ ਦੇ ਸਿਰ ਚੜ੍ਹਿਆ ਵਿਜੈਇੰਦਰ ਸਿੰਗਲਾ

ਕਾਨੂੰਨ ਦੇ ਰਾਖਿਆਂ ਦੇ ਸਿਰ ਚੜ੍ਹਿਆ ਵਿਜੈਇੰਦਰ ਸਿੰਗਲਾ

Spread the love

ਚੰਡੀਗੜ੍ਹ-ਸੰਗਰੂਰ ਜ਼ਿਲ੍ਹੇ ਦੇ ਥਾਣਿਆਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਬਰਾਬਰ ਸਥਾਨਕ ਵਿਧਾਇਕ ਵਿਜੈਇੰਦਰ ਸਿੰਗਲਾ ਦੀਆਂ ਤਸਵੀਰਾਂ ਲਾਉਣ ਦਾ ਮਾਮਲਾ ਭਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁੱਦੇ ’ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪੁਲੀਸ ਅਫ਼ਸਰਾਂ ਦੇ ਦਫ਼ਤਰਾਂ ਜਾਂ ਥਾਣਿਆਂ ਵਿੱਚ ਅਕਸਰ ਮੁੱਖ ਮੰਤਰੀ ਜਾਂ ਪੁਲੀਸ ਮੁਖੀਆਂ ਦੀਆਂ ਤਸਵੀਰਾਂ ਤਾਂ ਟੰਗੀਆਂ ਹੁੰਦੀਆਂ ਹਨ ਪਰ ਕਿਸੇ ਵਿਧਾਇਕ ਦੀ ਫੋਟੋ ਟੰਗਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਸੰਗਰੂਰ ਦੇ ਕਾਂਗਰਸੀ ਵਰਕਰਾਂ ਵੱਲੋਂ ਥਾਣਾ ਮੁਖੀਆਂ ਦੀ ਹਾਜ਼ਰੀ ਵਿੱਚ ਕੰਧ ’ਤੇ ਇਹ ਤਸਵੀਰਾਂ ਟੰਗਣ ਦੀਆਂ ਫੋਟੋਆਂ ਸੋਸ਼ਲ ਮੀਡੀਆ ਵਿੱਚ ਵੀ ਵਾਇਰਲ ਹੋਈਆਂ ਹਨ। ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਮੰਗ ਕੀਤੀ ਹੈ ਕਿ ਥਾਣੇ ਵਿੱਚ ਫੋਟੋਆਂ ਲਾਉਣ ਦੇ ਮਾਮਲੇ ਦੀ ਤੁਰੰਤ ਜਾਂਚ ਕਰਾਈ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਡਾ. ਚੀਮਾ ਨੇ ਕਿਹਾ ਕਿ ਸੰਗਰੂਰ ਦੇ ਥਾਣਾ ਸਦਰ ਅਤੇ ਸਿਟੀ ਵਿੱਚ ਐਸਐਚਓਜ਼ ਦੀ ਮੌਜੂਦਗੀ ਵਿੱਚ ਕਾਂਗਰਸੀ ਕਾਰਕੁਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਵਿਜੈਇੰਦਰ ਸਿੰਗਲਾਂ ਦੀਆਂ ਤਸਵੀਰਾਂ ਲਾਉਣਾ ਅਫਸੋਸਨਾਕ ਹੈ।
ਅਕਾਲੀ ਆਗੂ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਥਾਣਿਆਂ ਵਿੱਚੋਂ ਇਨ੍ਹਾਂ ਤਸਵੀਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਵੱਲੋਂ ਸਰਕਾਰੀ ਦਫ਼ਤਰਾਂ ਜਾਂ ਥਾਣਿਆਂ ਵਿੱਚ ਸਿਆਸਤਦਾਨਾਂ ਦੀਆਂ ਤਸਵੀਰਾਂ ਲਾਉਣ ਦੇ ਜ਼ਾਬਤੇ ਬਾਰੇ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਜਾਰੀ ਕੀਤੇ ਜਾਣ। ਅਕਾਲੀ ਆਗੂ ਨੇ ਕਿਹਾ ਕਿ ਤਸਵੀਰਾਂ ਲਾਉਣ ਦੀ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਸੂਬੇ ਦੀ ਪੁਲੀਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਸਾਬਤ ਕਰਦੀ ਹੈ ਕਿ ਕਾਂਗਰਸ ਨੇ ਥਾਣਿਆਂ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਹ ਹੀ ਇਨ੍ਹਾਂ ਨੂੰ ਚਲਾ ਰਹੀ ਹੈ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਤਸਵੀਰ ਲਾਉਣ ਉੱਤੇ ਕੋਈ ਇਤਰਾਜ਼ ਨਹੀਂ ਕਰ ਸਕਦਾ ਪਰ ਇਹ ਕਾਂਗਰਸੀ ਵਰਕਰਾਂ ਵੱਲੋਂ ਨਹੀਂ, ਸਗੋਂ ਪ੍ਰਸ਼ਾਸਨ ਵੱਲੋਂ ਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਵਿੱਚ ਸਥਾਨਕ ਵਿਧਾਇਕ ਦੀ ਤਸਵੀਰ ਲਾਉਣ ਸਬੰਧੀ ਕੋਈ ਨਿਯਮ ਨਹੀਂ ਹੈ। ਜੇ ਸੰਗਰੂਰ ਵਾਲੇ ਮਾਮਲੇ ਵਾਲੀ ਦਲੀਲ ਨੂੰ ਮੰਨਿਆ ਜਾਵੇ, ਫਿਰ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਤਸਵੀਰਾਂ ਵੀ ਸਬੰਧਤ ਹਲਕਿਆਂ ਵਿਚਲੇ ਥਾਣਿਆਂ ਵਿੱਚ ਲੱਗਣੀਆਂ ਚਾਹੀਦੀਆਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਲੋਕ ਅਕਸਰ ਥਾਣਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਉਣ ਜਾਂਦੇ ਹਨ। ਇਹ ਸ਼ਿਕਾਇਤਾਂ ਸਬੰਧਤ ਵਿਧਾਇਕ ਜਾਂ ਉਸ ਦੇ ਸਮਰਥਕਾਂ ਖ਼ਿਲਾਫ਼ ਵੀ ਹੋ ਸਕਦੀਆਂ ਹਨ। ਅਕਾਲੀ ਆਗੂ ਨੇ ਕਿਹਾ ਕਿ ਜੇ ਵਿਧਾਇਕ ਦੀ ਤਸਵੀਰ ਐਸਐਚਓ ਦੇ ਸਿਰ ਉੱਤੇ ਟੰਗੀ ਹੋਵੇਗੀ ਤਾਂ ਸ਼ਿਕਾਇਤਕਰਤਾ ਕਿਸ ਤਰ੍ਹਾਂ ਇਨਸਾਫ਼ ਦੀ ਉਮੀਦ ਕਰ ਸਕਦੇ ਹਨ।

Leave a Reply

Your email address will not be published.