Home / ਮੁੱਖ ਖਬਰਾਂ / ਈਰਾਨ-ਇਰਾਕ ਸਰਹੱਦ ‘ਤੇ ਭੁਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 450 ਤੋਂ ਟੱਪੀ

ਈਰਾਨ-ਇਰਾਕ ਸਰਹੱਦ ‘ਤੇ ਭੁਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 450 ਤੋਂ ਟੱਪੀ

Spread the love

ਤਹਿਰਾਨ/ਬਗਦਾਦ-ਈਰਾਨ-ਇਰਾਕ ਸਰਹੱਦ ਨੇੜੇ ਆਏ ਸ਼ਕਤੀਸ਼ਾਲੀ ਭੁਚਾਲ ‘ਚ ਹੁਣ ਤੱਕ ਦੋਹਾਂ ਦੇਸ਼ਾਂ ‘ਚ 450 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6700 ਹੋਰ ਜ਼ਖ਼ਮੀ ਹੋਏ ਹਨ। ਖ਼ਬਰ ਏਜੰਸੀ ਅਨੁਸਾਰ ਬੀਤੀ ਰਾਤ ਆਏ ਭੁਚਾਲ ਦਾ ਕੇਂਦਰ ਈਰਾਨ ਸਰਹੱਦ ਨੇੜੇ ਹਾਲਜਬਾ ਖੇਤਰ ‘ਚ 33.9 ਕਿੱਲੋਮੀਟਰ ਦੀ ਗਹਿਰਾਈ ‘ਚ ਰਿਹਾ। ਈਰਾਨ ਦੇ ਇਕ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਰਿਕਟਰ ਪੈਮਾਨੇ ‘ਤੇ ਭੁਚਾਲ 7.3 ਮਾਪਿਆ ਗਿਆ। ਇਸ ਭੁਚਾਲ ਤੋਂ ਬਾਅਦ ਹੁਣ ਤੱਕ 100 ਤੋਂ ਜ਼ਿਆਦਾ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਈਰਾਨ ਦੀ ਖ਼ਬਰ ਏਜੰਸੀ ਅਨੁਸਾਰ ਦੇਸ਼ ਵਿਚ ਭੁਚਾਲ ਕਾਰਨ 328 ਲੋਕਾਂ ਦੀ ਮੌਤ ਹੋਈ ਹੈ। ਇਕ ਟੀ.ਵੀ. ਚੈਨਲ ਅਨੁਸਾਰ 3950 ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਭੁਚਾਲ ਕਾਰਨ ਜ਼ਿਆਦਾਤਰ ਪੇਂਡੂ ਤੇ ਪਹਾੜੀ ਇਲਾਕਾ ਪ੍ਰਭਾਵਿਤ ਹੋਇਆ ਹੈ, ਜਿੱਥੇ ਲੋਕ ਖੇਤੀਬਾੜੀ ‘ਤੇ ਨਿਰਭਰ ਹਨ। ਇਰਾਕ ਦੇ ਗ੍ਰਹਿ ਮੰਤਰਾਲੇ ਅਨੁਸਾਰ ਭੁਚਾਲ ਕਾਰਨ ਉੱਤਰੀ ਇਰਾਕ ਦੇ ਸੇਮੀਆਟੋਨੋਮਸ ਕੁਰਦਿਸ਼ ਇਲਾਕੇ ‘ਚ 7 ਮੌਤਾਂ ਹੋਈਆਂ ਹਨ ਜਦੋਂ 535 ਲੋਕ ਜ਼ਖ਼ਮੀ ਹੋਏ ਹਨ। ਭੁਚਾਲ ਦੇ ਝਟਕੇ ਤੁਰਕੀ, ਇਜ਼ਰਾਇਲ ਤੇ ਕੁਵੈਤ ਵਿਚ ਵੀ ਮਹਿਸੂਸ ਕੀਤੇ ਗਏ। ਈਰਾਨੀ ਸੋਸ਼ਲ ਮੀਡੀਆ ਤੇ ਖ਼ਬਰ ਏਜੰਸੀਆਂ ਵਲੋਂ ਦਿੱਤੀਆਂ ਜਾ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ‘ਚ ਲੋਕ ਆਪਣੇ ਘਰਾਂ ‘ਚੋਂ ਬਾਹਰ ਭੱਜਦੇ ਦਿਖਾਈ ਦੇ ਰਹੇ ਹਨ। ਭੁਚਾਲ ਕਾਰਨ ਸਭ ਤੋਂ ਵੱਧ ਸਰਪੋਲ-ਏ-ਜ਼ਹਾਬ ਸ਼ਹਿਰ ਪ੍ਰਭਾਵਿਤ ਹੋਇਆ ਹੈ ਜੋ ਕਿ ਕਰਮਾਨਸ਼ਾਹ ਸੂਬੇ ‘ਚ ਪੈਂਦਾ ਹੈ। ਇਹ ਪ੍ਰਾਂਤ ਜ਼ਗਰੋਸ ਦੀਆਂ ਪਹਾੜੀਆਂ ‘ਚ ਸਥਿਤ ਹੈ ਜੋ ਕਿ ਈਰਾਨ ਤੇ ਇਰਾਕ ਨੂੰ ਵੰਡਦੀਆਂ ਹਨ। ਭੁਚਾਲ ਕਾਰਨ ਈਰਾਨ ‘ਚ 20 ਤੋਂ ਜ਼ਿਆਦਾ ਪਿੰਡ ਤਬਾਹ ਹੋਏ ਹਨ। ਇੱਥੇ ਬਿਜਲੀ, ਪਾਣੀ ਤੇ ਟੈਲੀਫ਼ੋਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਸਟੇਟ ਮੀਡੀਆ ਅਨੁਸਾਰ ਈਰਾਨ ਦੇ ਮੁੱਖ ਆਗੂ ਅਯਾਤੁੱਲਾ ਅਲੀ ਖਮੇਨੀ ਨੇ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ ਤੇ ਸਾਰੀਆਂ ਸਰਕਾਰੀ ਏਜੰਸੀਆਂ ਤੇ ਬਚਾਅ ਦਲਾਂ ਨੂੰ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਕਿਹਾ ਹੈ। ਇਕ ਹੋਰ ਖ਼ਬਰ ਏਜੰਸੀ ਨੇ ਦੱਸਿਆ ਹੈ ਕਿ ਈਰਾਨ ‘ਚ ਭੁਚਾਲ ਕਾਰਨ ਘੱਟੋ-ਘੱਟ 14 ਪ੍ਰਾਂਤ ਪ੍ਰਭਾਵਿਤ ਹੋਏ ਹਨ। ਕਰਮਾਨਸ਼ਾਹ ਤੇ ਇਲਮ ਪ੍ਰਾਂਤਾਂ ‘ਚ ਸਕੂਲ ਬੰਦ ਰੱਖੇ ਗਏ ਹਨ। ਇਸੇ ਤਰ੍ਹਾਂ ਇਰਾਕ ‘ਚ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਬਚਾਅ ਟੀਮਾਂ ਨੂੰ ਲੋਕਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਤੁਰਕੀ ਨੇ ਵੀ ਉੱਤਰੀ ਇਰਾਕ ‘ਚ ਐਮਰਜੈਂਸੀ ਸਹਾਇਤਾ ਭੇਜੀ ਹੈ ਅਤੇ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

Leave a Reply

Your email address will not be published.