Home / ਮਨੋਰੰਜਨ / ਰਿਲੀਜ਼ ਤੋਂ ਪਹਿਲਾ ਅਰਵਿੰਦ ਕੇਜਰੀਵਾਲ ‘ਤੇ ਬਣੀ ਫਿਲਮ ਵਿਵਾਦਾਂ ਦੇ ਘੇਰੇ ‘ਚ

ਰਿਲੀਜ਼ ਤੋਂ ਪਹਿਲਾ ਅਰਵਿੰਦ ਕੇਜਰੀਵਾਲ ‘ਤੇ ਬਣੀ ਫਿਲਮ ਵਿਵਾਦਾਂ ਦੇ ਘੇਰੇ ‘ਚ

Spread the love

ਬਾਲੀਵੁੱਡ ਫਿਲਮਾਂ ਦਾ ਇਨ੍ਹੀਂ ਦਿਨੀਂ ਬੁਰਾ ਸਮਾਂ ਚੱਲ ਰਿਹਾ ਹੈ। ਦੱਸ ਦੇਈਏ ਕਿ `ਪਦਮਾਵਤੀ` ਦੀ ਰਿਲੀਜ਼ ਦੇ ਖਿਲਾਫ਼ ਦੇਸ਼ ਭਰ ਦੇ ਕਈ ਹਿੱਸਿਆਂ ਵਿੱਚ ਵਿਰੋਧ-ਪ੍ਰਦਰਸ਼ਨ ਹੋ ਰਿਹਾ ਹੈ। ਇਸ ਦੇ ਖਿਲਾਫ਼ ਆਕਰੋਸ਼ ਵਿੱਚ ਨੇਤਾ,ਰਾਜਸ਼ਾਹੀ ਪਰਿਵਾਰ ਅਤੇ ਰਾਜਪੂਤ ਸਮਾਜ ਖੜ੍ਹੇ ਹੋਏ ਹਨ। ਸਾਰਿਆਂ ਦੀ ਮੰਗ ਹੈ ਕਿ ਫਿਲਮ ਨੂੰ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਦਿਖਾਇਆ ਜਾਏ। ਮਾਮਲਾ ਇੰਨਾ ਵੱਧ ਗਿਆ ਹੈ ਕਿ ਇਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ।
ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਅਜੇ ਖਤਮ ਨਹੀਂ ਹੋਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਬਣ ਰਹੀ ਫਿਲਮ ‘ਐਨ ਇਨਸਿਗਨੀਫਿਕੈਂਟ ਮੈਨ’ ਵੀ ਵਿਵਾਦਾਂ ‘ਚ ਘਿਰਦੀ ਜਾ ਰਹੀ ਹੈ।
ਗੁਜਰਾਤ ‘ਚ ਇਸ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਗੁਜਰਾਤ ਹਾਈ ਕੋਰਟ ‘ਚ ਫਿਲਮ ਰਿਲੀਜ਼ ‘ਤੇ ਰੋਕ ਲਗਾਉਣ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਵਕੀਲ ਭਾਵਿਕ ਸੋਮਾਨੀ ਨੇ ਇਹ ਪਟੀਸ਼ਨ ਲਗਾਈ ਹੈ। ਉਨ੍ਹਾਂ ਨੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਫਿਲਮ ਦੀ ਰਿਲੀਜ਼ ‘ਤੇ ਰੋਕ ਦੀ ਮੰਗ ਕੀਤੀ ਹੈ।
ਇਹ ਫਿਲਮ 17 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਭਾਵਿਕ ਸੋਮਾਨੀ ਦਾ ਮੰਨਣਾ ਹੈ ਕਿ ਇਹ ਫਿਲਮ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ। ਇਹੀ ਗੱਲ ਉਨ੍ਹਾਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ‘ਚ ਆਖੀ ਹੈ। ਗੁਜਰਾਤ ‘ਚ 9 ਤੇ 14 ਦਸੰਬਰ ਨੂੰ ਚੋਣਾਂ ਹੋਣ ਵਾਲੀਆਂ ਹਨ।
ਅਜਿਹੇ ‘ਚ ਸੋਮਾਨੀ ਨੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਫਿਲਮ ਸੋਸ਼ਲ ਮੀਡੀਆ ‘ਤੇ ਵਾਇਰਲ ਨਾ ਹੋਵੇ ਕਿਉਂਕਿ ਇਹ ਫਿਲਮ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਪ੍ਰਚਾਰ ਦਾ ਮਹੱਤਵਪੂਰਨ ਮਾਧਿਅਮ ਬਣ ਸਕਦੀ ਹੈ ਤੇ ਵੱਡੇ ਪੱਧਰ ‘ਤੇ ਵੋਟਰਾਂ ਨੂੰ ਲੁਭਾ ਸਕਦੀ ਹੈ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਇਹ ਫਿਲਮ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਪਹਿਲਾਜ ਨਿਹਲਾਨੀ ਸੈਂਸਰ ਬੋਰਡ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਇਸ ਫਿਲਮ ‘ਤੇ ਇਤਰਾਜ਼ ਜਤਾਇਆ ਸੀ।
ਨਿਹਲਾਨੀ ਨੇ ਫਿਲਮ ਦੀ ਰਿਲੀਜ਼ ਲਈ ਪ੍ਰੋਡਿਊਸਰਾਂ ਨੂੰ ਕਿਹਾ ਸੀ ਕਿ ਪਹਿਲਾਂ ਉਹ ਪੀ.ਐੱਮ. ਮੋਦੀ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਤੇ ਅਰਵਿੰਦ ਕੇਜਰੀਵਾਲ ਕੋਲੋਂ ਐੱਨ.ਓ.ਸੀ. ਲੈ ਕੇ ਆਉਣ, ਇਸ ਤੋਂ ਬਾਅਦ ਹੀ ਫਿਲਮ ਰਿਲੀਜ਼ ਹੋਵੇਗੀ। ਹਾਲਾਂਕਿ ਬਾਅਦ ‘ਚ ਸੈਂਸਰ ਬੋਰਡ ਨੇ ਫਿਲਮ ਨੂੰ ਮਨਜ਼ੂਰੀ ਦੇ ਦਿੱਤੀ ਸੀ।

Leave a Reply

Your email address will not be published.