ਮੁੱਖ ਖਬਰਾਂ
Home / ਮੁੱਖ ਖਬਰਾਂ / ਗੁਰਦਾਸਪੁਰ ਚੋਣ ਨੂੰ ਮੱਠਾ ਹੁੰਗਾਰਾ

ਗੁਰਦਾਸਪੁਰ ਚੋਣ ਨੂੰ ਮੱਠਾ ਹੁੰਗਾਰਾ

Spread the love

ਗੁਰਦਾਸਪੁਰ-ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਪੁਰਅਮਨ ਨੇਪਰੇ ਚੜ੍ਹਨ ਨਾਲ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ। ਇਸ ਮੌਕੇ ਕਰੀਬ ਕੁੱਲ 55.87 ਫੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਦਿਆਂ ਵੋਟਾਂ ਪਾਈਆਂ, ਜਦੋਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 68.22 ਫੀਸਦੀ ਪੋਲਿੰਗ ਹੋਈ ਸੀ।
ਵਿਧਾਨ ਸਭਾ ਹਲਕਾ ਵਾਰ ਪੋਲਿੰਗ ਨੂੰ ਦੇਖੀਏ ਤਾਂ ਹਲਕਾ ਡੇਰਾ ਬਾਬਾ ਨਾਨਕ ਮੋਹਰੀ ਰਿਹਾ। ਸਵੇਰੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਣ ਮੌਕੇ ਕਈ ਪੋਲਿੰਗ ਬੂਥਾਂ ਉੱਤੇ ਵੀਵੀਪੈਟ ਮਸ਼ੀਨਾਂ ਵਿੱਚ ਨੁਕਸ ਪੈਣ ਕਾਰਨ ਪੋਲਿੰਗ ਤੈਅ ਸਮੇਂ ਨਾਲੋਂ ਦੇਰੀ ਨਾਲ ਸ਼ੁਰੂ ਹੋ ਸਕੀ। ਜ਼ਿਮਨੀ ਚੋਣਾਂ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ 1781 ਪੋਲਿੰਗ ਬੂਥ ਬਣਾਏ ਗਏ ਸਨ। ਸਵੇਰੇ ਅੱਠ ਵਜੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੁੰਦਿਆਂ ਹੀ ਕਈ ਬੂਥਾਂ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲਗ ਗਈਆਂ ਪਰ ਦੁਪਹਿਰ ਬਾਅਦ ਵੋਟਰਾਂ ਦੀ ਗਿਣਤੀ ਵਿੱਚ ਕਮੀ ਆਉਂਦੀ ਗਈ। ਪੰਚਾਇਤੀ ਤੇ ਵਿਧਾਨ ਸਭਾ ਚੋਣਾਂ ਮੁਕਾਬਲੇ ਇਸ ਜ਼ਿਮਨੀ ਚੋਣ ਵਿੱਚ ਲੋਕਾਂ ਦਾ ਮੱਠਾ ਹੁੰਗਾਰਾ ਵੇਖਣ ਨੂੰ ਮਿਲਿਆ।
ਵੋਟਾਂ ਪੈਣ ਦਾ ਅਮਲ ਮੁਕੰਮਲ ਹੁੰਦਿਆਂ ਹੀ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ, ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਅਤੇ ‘ਆਪ’ ਦੇ ਸੁਰੇਸ਼ ਖਜੂਰੀਆ ਸਮੇਤ 11 ਉਮੀਦਵਾਰਾਂ ਦਾ ਸਿਆਸੀ ਭਵਿੱਖ ਈਵੀਐਮ ਮਸ਼ੀਨਾ ’ਚ ਬੰਦ ਹੋ ਗਿਆ ਹੈ। ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਹਲਕਾ ਗੁਰਦਾਸਪੁਰ ’ਚ 57.1 ਫ਼ੀਸਦੀ, ਦੀਨਾਨਗਰ (ਰਾਖਵਾਂ) ’ਚ 54, ਕਾਦੀਆਂ 57, ਬਟਾਲਾ 50, ਫਤਿਹਗੜ੍ਹ ਚੂੜੀਆਂ 50, ਡੇਰਾ ਬਾਬਾ ਨਾਨਕ 64.5, ਪਠਾਨਕੋਟ 54.7, ਭੋਆ 59.65 ਤੇ ਸੁਜਾਨਪੁਰ ਵਿਖੇ 55.30 ਫੀਸਦੀ ਵੋਟਾਂ ਪਈਆਂ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਛੇ ਵਿਧਾਨ ਸਭਾ ਹਲਕਿਆਂ ਗੁਰਦਾਸਪੁਰ, ਦੀਨਾਨਗਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਬਟਾਲਾ ਤੇ ਕਾਦੀਆਂ ਦੀਆਂ ਈਵੀਐਮਜ਼ ਸਥਾਨਕ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਰੱਖੀਆਂ ਗਈਆਂ ਹਨ, ਜਦਕਿ ਪਠਾਨਕੋਟ ਜ਼ਿਲ੍ਹੇ ਵਿਚਲੇ ਤਿੰਨ ਹਲਕਿਆਂ ਭੋਆ, ਸੁਜਾਨਪੁਰ ਤੇ ਪਠਾਨਕੋਟ ਦੀਆਂ ਮਸ਼ੀਨਾਂ ਪਠਾਨਕੋਟ ਦੇ ਐਸਡੀ ਕਾਲਜ ਵਿਖੇ ਰੱਖੀਆਂ ਗਈਆਂ ਹਨ। ਦੱਸਣਯੋਗ ਹੈ ਕਿ ਪੋਲਿੰਗ ਲਈ ਤਾਇਨਾਤ ਅਮਲੇ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਤਹਿਤ ਸਬੰਧਤ ਹਲਕੇ ਦੇ ਸਹਾਇਕ ਚੋਣ ਅਫ਼ਸਰ ਕੋਲੋਂ ਇਲੈਕਸ਼ਨ ਡਿਊਟੀ ਸਰਟੀਫਿਕੇਟ ਲੈ ਕੇ ਡਿਊਟੀ ਵਾਲੇ ਬੂਥ ਉੱਤੇ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ ਪੋਲਿੰਗ ਸਟਾਫ਼ ਇਸ ਹੱਕ ਦਾ ਇਸਤੇਮਾਲ ਕਰਨੋਂ ਰਹਿ ਗਿਆ।

Leave a Reply

Your email address will not be published.