ਮੁੱਖ ਖਬਰਾਂ
Home / ਮੁੱਖ ਖਬਰਾਂ / ਅਨੁਪਮ ਖੇਰ ਬਣੇ ਐੱਫ.ਟੀ.ਆਈ.ਆਈ. ਦੇ ਨਵੇਂ ਚੇਅਰਮੈਨ

ਅਨੁਪਮ ਖੇਰ ਬਣੇ ਐੱਫ.ਟੀ.ਆਈ.ਆਈ. ਦੇ ਨਵੇਂ ਚੇਅਰਮੈਨ

Spread the love

ਨਵੀਂ ਦਿੱਲੀ-ਨਾਮਵਰ ਉਮਰਦਰਾਜ਼ ਅਦਾਕਾਰ ਅਨੁਪਮ ਖੇਰ ਨੂੰ ਕੇਂਦਰ ਸਰਕਾਰ ਨੇ ਪੁਣੇ ਸਥਿਤ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐਫ਼ਟੀਆਈਆਈ) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਹ ਅਦਾਕਾਰ ਗਜੇਂਦਰ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਅਦਾਰੇ ਦੇ ਮੁਖੀ ਵਜੋਂ ਕਾਰਜਕਾਲ ਵਿਵਾਦਮਈ ਰਿਹਾ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਜਾਰੀ ਕੀਤੇ ਹਨ।
ਸ੍ਰੀ ਖੇਰ (62) ਨੇ ਕਿਹਾ ਕਿ ਉਹ ਇਸ ਨਿਯੁਕਤੀ ਨਾਲ ‘ਬਹੁਤ ਹੀ ਮਾਣ’ ਮਹਿਸੂਸ ਕਰ ਰਹੇ ਹਨ। ਉਨ੍ਹਾਂ ਟਵੀਟ ਕੀਤਾ, ‘‘ਮੈਂ ਆਪਣੀ ਪੂਰੀ ਸਮਰੱਥਾ ਮੁਤਾਬਕ ਆਪਣੀ ਜ਼ਿੰਮੇਵਾਰੀ ਨਿਭਾਵਾਂਗਾ।’’ ਨੈਸ਼ਨਲ ਸਕੂਲ ਆਫ਼ ਡਰਾਮਾ (ਐਨਐਸਡੀ) ਦੇ ਗਰੈਜੂਏਟ ਸ੍ਰੀ ਖੇਰ 500 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ 2004 ਵਿੱਚ ਪਦਮਸ੍ਰੀ ਤੇ 2016 ਵਿੱਚ ਪਦਮ ਭੂਸ਼ਣ ਦੇ ਐਵਾਰਡ ਦਿੱਤਾ ਗਿਆ ਸੀ। ਉਨ੍ਹਾਂ ਤੋਂ ਪਹਿਲੇ ਮੁਖੀ ਸ੍ਰੀ ਚੌਹਾਨ, ਜਿਨ੍ਹਾਂ ਨੂੰ ਮੁੱਖ ਤੌਰ ’ਤੇ ਦੂਰਦਰਸ਼ਨ ਦੇ ਲੜੀਵਾਰ ‘ਮਹਾਭਾਰਤ’ ਵਿੱਚ ਨਿਭਾਏ ਯੁਧਿਸ਼ਠਰ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ, ਦੋ ਸਾਲ ਇਸ ਅਹੁਦੇ ਉਤੇ ਰਹੇ। ਉਨ੍ਹਾਂ ਦਾ ਕਾਰਜਕਾਲ ਬੀਤੇ ਮਾਰਚ ਵਿੱਚ ਪੂਰਾ ਹੋ ਗਿਆ ਸੀ, ਜਿਸ ਦੌਰਾਨ ਅਦਾਰੇ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਨਿਯੁਕਤੀ ਨੂੰ ਸਿਆਸੀ ਕਰਾਰ ਦਿੰਦਿਆਂ 139 ਦਿਨ ਹੜਤਾਲ ਕੀਤੀ ਸੀ।
ਸ੍ਰੀ ਖੇਰ ਨੂੰ ਨਿਯੁਕਤੀ ਉਤੇ ਮੁਬਾਰਕਬਾਦ ਦੇਣ ਵਾਲਿਆਂ ਵਿੱਚ ਉਨ੍ਹਾਂ ਦੀ ਪਤਨੀ ਕਿਰਨ ਖੇਰ ਮੋਹਰੀ ਸੀ, ਜੋ ਚੰਡੀਗੜ੍ਹ ਤੋਂ ਭਾਜਪਾ ਦੀ ਲੋਕ ਸਭਾ ਮੈਂਬਰ ਹੈ। ਸ੍ਰੀ ਖੇਰ ਦਾ ਜਨਮ 7 ਮਾਰਚ, 1955 ਨੂੰ ਸ਼ਿਮਲਾ ਵਿੱਚ ਹੋਇਆ, ਜੋ ਪਹਿਲਾਂ ਕੇਂਦਰੀ ਸੈਂਸਰ ਬੋਰਡ ਦੇ ਚੇਅਰਮੈਨ ਤੇ ਐਨਐਸਡੀ ਦੇ ਡਾਇਰੈਕਟਰ ਰਹਿ ਚੁੱਕੇ ਹਨ।

Leave a Reply

Your email address will not be published.