ਮੁੱਖ ਖਬਰਾਂ
Home / ਭਾਰਤ / ਭਾਰਤ ਵਿੱਚ ਜੀਐੱਸਟੀ ਪ੍ਰਣਾਲੀ ਬਿਨਾਂ ਅੜਿੱਕੇ ਲੀਹ ਉੱਤੇ ਪਈ : ਜੇਤਲੀ

ਭਾਰਤ ਵਿੱਚ ਜੀਐੱਸਟੀ ਪ੍ਰਣਾਲੀ ਬਿਨਾਂ ਅੜਿੱਕੇ ਲੀਹ ਉੱਤੇ ਪਈ : ਜੇਤਲੀ

Spread the love

ਵਾਸ਼ਿੰਗਟਨ-‘ਗੁੱਡਜ਼ ਐਂਡ ਸਰਵਿਸ ਟੈਕਸ (ਜੀਐੱਸਟੀ) ਪ੍ਰਣਾਲੀ ਨੂੰ ਭਾਰਤ ਬਿਨਾਂ ਕਿਸੇ ਅੜਿੱਕੇ ਦੇ ਸ਼ਾਨਦਾਰ ਢੰਗ ਨਾਲ ਅਪਣਾ ਰਿਹਾ ਹੈ ਪਰ ਕੁੱਝ ਅਗਿਆਨੀ ਕਿਸਮ ਦੇ ਵਿਰੋਧੀ ਧਿਰ ਦੇ ਆਗੂ ਇਸ ਪ੍ਰਕਿਰਿਆ ਨੂੰ ਲੀਹ ਤੋਂ ਲਾਹੁਣ ਲਈ ਯਤਨਸ਼ੀਲ ਹਨ।’ ਇਹ ਪ੍ਰਗਟਾਵਾ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਇੱਥੇ ਕੀਤਾ। ਉਹ ਅਮਰੀਕਾ ਦੀ ਇੱਕ ਹਫ਼ਤੇ ਦੀ ਫੇਰੀ ਉੱਤੇ ਆਏ ਹਨ। ਇਸ ਦੌਰਾਨ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜੀਐਸਟੀ ਲਾਗੂ ਕਰਨ ਲਈ ਭਾਰਤ ਸਰਕਾਰ ਨੇ ਕਈ ਤਰ੍ਹਾਂ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਤਾਂ ਜੋ ਦੇਸ਼ ਨੂੰ ਟੈਕਸ ਅਦਾ ਨਾ ਕਰਨ ਦੀ ਧਾਰਨਾ ਵਾਲੇ ਸਮਾਜ ਤੋਂ ਟੈਕਸ ਦੇਣ ਵਾਲੇ ਸਮਾਜ ਵਿੱਚ ਬਦਲਿਆ ਜਾ ਸਕੇ।
ਨਿਊਯਾਰਕ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਈ ਰਾਜਸੀ ਧਿਰਾਂ ਵੱਲੋਂ ਜੀਐੱਸਟੀ ਨੂੰ ਲੀਹੋਂ ਲਾਹੁਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਿਰੋਧੀ ਧਿਰਾਂ ਦੀ ਆਪਣੀ ਪਾਰਟੀਆਂ ਦੀਆਂ ਰਾਜ ਸਰਕਾਰਾਂ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀਆਂ ਕਿਉਂਕਿ ਰਾਜ ਸਰਕਾਰਾਂ ਇਹ ਜਾਣਦੀਆਂ ਹਨ ਕਿ ਜੀਐੱਸਟੀ ਤੋਂ ਆਉਣ ਵਾਲੀ 80 ਫੀਸਦੀ ਰਾਸ਼ੀ ਰਾਜਾਂ ਨੂੰ ਮਿਲਣੀ ਹੈ। ਇਸ ਕਰਕੇ ਉਹ ਆਪਣੇ ਕੇਂਦਰੀ ਆਗੂਆਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਕਿਉਂਕਿ ਉਹ ਜਾਣਦੇ ਹਨ ਕਿ ਮਾਲੀਆਂ ਨਾ ਆਉਣ ਕਾਰਨ ਉਨ੍ਹਾਂ ਦੇ ਰਾਜ ਉੱਤੇ ਮਾੜਾ ਅਸਰ ਪਵੇਗਾ।
ਇਸ ਲਈ ਰਾਜ ਸਰਕਾਰਾਂ ਜੀਐੱਸਟੀ ਨੂੰ ਲਾਗੂ ਕਰਨ ਲਈ ਇਛੁੱਕ ਹਨ। ਇਹ ਪ੍ਰਗਟਾਵਾ ਸ੍ਰੀ ਜੇਤਲੀ ਨੇ ‘ਭਾਰਤ ਦੇ ਮਾਰਕੀਟ ਸੁਧਾਰ, ਅੱਗੇ ਵਧਦਾ ਰਸਤਾ’ ਬੈਨਰ ਥੱਲੇ ਕਰਵਾਏ ਸਮਾਗਮ ਦੌਰਾਨ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਕੀਤਾ। ਇਹ ਸਮਾਗਮ
ਯੂਐੱਸ ਚੈਂਬਰ ਆਫ ਕਮਰਸ ਦੇ ਸਹਿਯੋਗ ਦੇ ਨਾਲ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਵੱਲੋਂ ਕਰਵਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਜੀਐੱਸਟੀ ਦੇ ਵਿਰੋਧ ਦੀ ਮੁੱਖ ਵਜ੍ਹਾ ਇਹ ਹੈ ਕਿ ਟੈਕਸ ਅਦਾ ਨਾ ਕਰਨ ਵਾਲੇ ਜਾਲ ਵਿੱਚ ਫਸ ਰਹੇ ਹਨ। ਟੈਕਸ ਅਦਾ ਨਾ ਕਰਨ ਦੀ ਇੱਛਾ ਰੱਖਣ ਵਾਲਿਆਂ ਦੇ ਲਈ ਹੀ ਜੀਐੱਸਟੀ ਸਮੱਸਿਆ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਸਲੀ ਅਤੇ ਮਨਘੜਤ ਤਰੀਕਿਆਂ ਨਾਲ ਪੈਦਾ ਕੀਤੀਆਂ ਸਮੱਸਿਆਵਾਂ ਵਿੱਚ ਵਖਰੇਵਾਂ ਕਰਨ ਦੇ ਸਮਰੱਥ ਹੈ। ਉ੍ਹਨਾਂ ਦੱਸਿਆ ਕਿ ਜੀਐੱਸਟੀ ਕੌਂਸਲ ਭਾਰਤ ਦੀ ਪਹਿਲੀ ਅਸਲੀ ਕੇਂਦਰੀ ਸੰਸਥਾ ਹੈ, ਜੋ ਹਰ ਮਹੀਨੇ ਮੀਟਿੰਗ ਕਰਕੇ ਸਥਿਤੀ ਦਾ ਮੁਲੰਕਣ ਕਰਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਹੈ ਜਿੱਥੇ ਟੈਕਸ ਦੀ ਸਭ ਤੋਂ ਘੱਟ ਦਰ ਪੰਜ ਫੀਸਦੀ ਹੈ। ਵਾਸ਼ਿੰਗਟਨ ਵਿੱਚ ਜੇਤਲੀ ਅਮਰੀਕਾ ਦੇ ਵਣਜ ਸਕੱਤਰ ਵਿਲਬੁਰ ਰੌਸ ਨਾਲ ਵੀ ਮੁਲਾਕਾਤ ਕਰਨਗੇ। ਉਹ ਫਿੱਕੀ ਦੇ ਸੈਮੀਨਾਰ ਵਿੱਚ ਵੀ ਹਿੱਸਾ ਲੈਣਗੇ।

Leave a Reply

Your email address will not be published.