ਮੁੱਖ ਖਬਰਾਂ
Home / ਪੰਜਾਬ / ਕੰਪਨੀਆਂ ਦੇ ਮੁਨਾਫ਼ੇ ਬਾਰੇ ਮੋਦੀ ਤੇ ਸ਼ਾਹ ਸਥਿਤੀ ਸਪੱਸ਼ਟ ਕਰਨ : ਮਨਪ੍ਰੀਤ
punjab page;Cabinet minister Manpreet Badal addressing the Media Person in Amritsar on Monday photo vishal kumar

ਕੰਪਨੀਆਂ ਦੇ ਮੁਨਾਫ਼ੇ ਬਾਰੇ ਮੋਦੀ ਤੇ ਸ਼ਾਹ ਸਥਿਤੀ ਸਪੱਸ਼ਟ ਕਰਨ : ਮਨਪ੍ਰੀਤ

Spread the love

ਅੰਮ੍ਰਿਤਸਰ-ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਪੁੱਤਰ ਜਯ ਅਮਿਤ ਭਾਈ ਸ਼ਾਹ ਦੀਆਂ ਦੋ ਕੰਪਨੀਆਂ ਵਿੱਚ ਦੋ-ਤਿੰਨ ਵਰ੍ਹਿਆਂ ਦੌਰਾਨ ਹੋਏ ਵੱਡੇ ਮੁਨਾਫ਼ੇ ’ਤੇ ਉਂਗਲ ਚੁੱਕਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਲੋਕਾਂ ਅੱਗੇ ਆਪਣਾ ਪੱਖ ਸਪੱਸ਼ਟ ਕਰਨ।
ਇੱਥੇ ਪੱਤਰਕਾਰ ਸੰਮੇਲਨ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਮੀਡੀਆ ਵਿੱਚ ਇਹ ਮਾਮਲਾ ਆਉਣ ਮਗਰੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਘਾਟੇ ਵਿੱਚ ਚੱਲ ਰਹੀਆਂ ਇਹ ਕੰਪਨੀਆਂ ਕਈ ਹਜ਼ਾਰ ਗੁਣਾ ਮੁਨਾਫ਼ੇ ਵਿੱਚ ਹਨ। ਉਨ੍ਹਾਂ ਕਾਂਗਰਸ ਵੱਲੋਂ ਮੰਗ ਕੀਤੀ ਕਿ ਇਸ ਦੀ ਉੱਚ ਪੱਧਰੀ ਜਾਂਚ ਸੀਬੀਆਈ ਜਾਂ ਈਡੀ ਰਾਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਮੁੱਢਲੇ ਤੌਰ ’ਤੇ ਇਸ ਪਿੱਛੇ ਕਿਸੇ ਵੱਡੇ ਘਪਲੇ ਦੇ ਸੰਕੇਤ ਲੱਗ ਰਹੇ ਹਨ। ਬੀਤੇ ਦਿਨੀਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਲਈ ਕੀਤੇ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਆਖਿਆ ਕਿ ਉਸ ਵਿਅਕਤੀ ਬਾਰੇ ਉਹ ਕੁਝ ਵੀ ਨਹੀਂ ਕਹਿਣਾ ਚਾਹੁੰਦੇ, ਜੋ ਹੁਣ ਵਿਰੋਧੀ ਧਿਰ ਵਿੱਚ ਵੀ ਨਹੀਂ ਹੈ। ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੂਰ ਰਹਿਣ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਲੋਕ ਹੁਣ ਕਠਪੁਤਲੀ ਦਾ ਤਮਾਸ਼ਾ ਦੇਖ-ਦੇਖ ਕੇ ਥੱਕ ਚੁੱਕੇ ਹਨ। ਇਸੇ ਲਈ, ਸਾਬਕਾ ਮੁੱਖ ਮੰਤਰੀ ਚੋਣ ਪ੍ਰਚਾਰ ਤੋਂ ਦੂਰ ਰਹੇ ਹਨ। ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਕੁਝ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਹੀ ਤਨਖ਼ਾਹਾਂ ਨਹੀਂ ਮਿਲੀਆਂ ਜਦਕਿ ਪੰਜਾਬ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਤਨਖ਼ਾਹਾਂ ਮਿਲ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ ਤਿੰਨ ਵਰ੍ਹੇ ਸਰਕਾਰ ਦਾ ਸਾਲਾਨਾ ਬਜਟ ਘਾਟੇ ਵਾਲੇ ਆਵੇਗਾ, ਪਰ ਚੌਥਾ ਬਜਟ ਲਾਭ ਵਾਲਾ ਹੋਵੇਗਾ।
ਜੀਐੱਸਟੀ ਤੋਂ ਛੋਟ ਵਾਸਤੇ ਪਹਿਲ ਕਰੇ: ਇਸ ਦੌਰਾਨ, ਗੁਰਦੁਆਰਿਆਂ ਨੂੰ ਜੀਐੱਸਟੀ ਤੋਂ ਛੋਟ ਦੇਣ ਸਬੰਧੀ ਸੂਬਾ ਸਰਕਾਰ ਦੇ ਪੱਖ ਬਾਰੇ ਉਨ੍ਹਾਂ ਆਖਿਆ ਕਿ ਉਹ ਖ਼ੁਦ ਕੇਂਦਰ ਸਰਕਾਰ ਕੋਲ ਇਹ ਮਾਮਲਾ ਰੱਖ ਚੁੱਕੇ ਹਨ, ਪਰ ਉਨ੍ਹਾਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪ੍ਰਭਾਵ ਵਰਤ ਕੇ ਗੁਰਦੁਆਰਿਆਂ ਨੂੰ ਇਸ ਨਵੇਂ ਟੈਕਸ ਤੋਂ ਛੋਟ ਦਿਵਾਉਣੀ ਚਾਹੀਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਭਾਈਵਾਲ ਜਥੇਬੰਦੀ ਕੋਲੋਂ ਗੁਰਦੁਆਰਿਆਂ ਲਈ ਜੀਐੱਸਟੀ ਵਿੱਚ ਛੋਟ ਲੈਣ ਲਈ ਪਹਿਲ ਕਰੇ ਤਾਂ ਪੰਜਾਬ ਸਰਕਾਰ ਵੀ ਆਪਣਾ ਹਿੱਸਾ ਛੱਡਣ ਲਈ ਤਿਆਰ ਹੈ।

Leave a Reply

Your email address will not be published.