Home / ਪੰਜਾਬ / ਹੁਣ ਡੇਰਾ ਪ੍ਰੇਮੀਆਂ ਲਈ ਜੇਲ੍ਹਾਂ ਬਣੀਆਂ ‘ਨਾਮ ਚਰਚਾ ਘਰ’

ਹੁਣ ਡੇਰਾ ਪ੍ਰੇਮੀਆਂ ਲਈ ਜੇਲ੍ਹਾਂ ਬਣੀਆਂ ‘ਨਾਮ ਚਰਚਾ ਘਰ’

Spread the love

ਬਠਿੰਡਾ-ਡੇਰਾ ਪ੍ਰੇਮੀ ਹੁਣ ਜੇਲ੍ਹਾਂ ਵਿੱਚ ਨਾਮ ਚਰਚਾ ਕਰਨ ਲੱਗੇ ਹਨ ਜਦੋਂਕਿ ਨਾਮ ਚਰਚਾ ਘਰਾਂ ਵਿੱਚ ਸਤਿਸੰਗ ਪ੍ਰੋਗਰਾਮ ਬੰਦ ਹੋ ਗਏ ਹਨ। ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਹਰ ਐਤਵਾਰ ਨੂੰ ਆਪੋ-ਆਪਣੇ ਬਲਾਕ ਦੇ ਨਾਮ ਚਰਚਾ ਘਰਾਂ ਵਿੱਚ ਸਤਿਸੰਗ ਕੀਤਾ ਜਾਂਦਾ ਰਿਹਾ ਹੈ ਪਰ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਬਣੇ ਮਾਹੌਲ ਨੇ ਡੇਰਾ ਪ੍ਰੇਮੀਆਂ ਦੇ ਰੰਗ ਵਿੱਚ ਭੰਗ ਪਾ ਦਿੱਤਾ ਹੈ। ਭਾਵੇਂ ਹੁਣ ਬਾਹਰਲੇ ਨਾਮ ਚਰਚਾ ਘਰਾਂ ਵਿੱਚ ਐਤਵਾਰੀ ਨਾਮ ਚਰਚਾ ’ਤੇ ਡੇਰਾ ਪ੍ਰੇਮੀ ਜੁੜਨੇ ਬੰਦ ਹੋ ਗਏ ਹਨ ਪਰ ਜੇਲ੍ਹਾਂ ਵਿੱਚ ਡੇਰਾ ਪ੍ਰੇਮੀ ਹਰ ਐਤਵਾਰ ਨੂੰ ਨਾਮ ਚਰਚਾ ਕਰਦੇ ਹਨ। ਜੇਲ੍ਹ ਪ੍ਰਸ਼ਾਸਨ ਨੂੰ ਵੀ ਇਸ ’ਤੇ ਕੋਈ ਇਤਰਾਜ਼ ਨਹੀਂ ਹੈ। ਡੇਰਾ ਪ੍ਰੇਮੀਆਂ ਨਾਲ ਮੁਲਾਕਾਤ ਕਰਨ ਵਾਲੇ ਲੋਕਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ।
ਪੰਜਾਬ ਦੀਆਂ ਜੇਲ੍ਹਾਂ ਵਿੱਚ ਇਸ ਵੇਲੇ 260 ਡੇਰਾ ਪ੍ਰੇਮੀ ਬੰਦ ਹਨ, ਜਿਨ੍ਹਾਂ ’ਤੇ 25 ਅਗਸਤ ਨੂੰ ਅੱਗਾਂ ਲਾਉਣ ਤੇ ਭੰਨ ਤੋੜ ਕਰਨ ਦੇ ਕੇਸ ਦਰਜ ਹਨ। ਕਾਫ਼ੀ ਪ੍ਰੇਮੀ ਧਾਰਾ 107, 151 ਤਹਿਤ ਜੇਲ੍ਹਾਂ ਵਿੱਚ ਬੰਦ ਹਨ। ਬਠਿੰਡਾ ਜੇਲ੍ਹ ਵਿੱਚ 55 ਡੇਰਾ ਪ੍ਰੇਮੀ ਹਨ। ਸੂਤਰਾਂ ਅਨੁਸਾਰ ਡੇਰਾ ਪੈਰੋਕਾਰ ਐਤਵਾਰ ਨੂੰ ਬੈਰਕਾਂ ਵਿੱਚ ਇਕੱਠੇ ਹੋ ਕੇ ਸਤਿਸੰਗ ਕਰਦੇ ਹਨ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਹੀ ਚਾਰਜ ਸੰਭਾਲਿਆ ਹੈ ਅਤੇ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ। ਮਾਨਸਾ ਜੇਲ੍ਹ ਵਿੱਚ 70 ਡੇਰਾ ਪ੍ਰੇਮੀ ਹਨ। ਇਹ ਡੇਰਾ ਪ੍ਰੇਮੀ ਹਰ ਐਤਵਾਰ ਨੂੰ ਸਤਿਸੰਗ ਕਰਦੇ ਹਨ।
ਵੇਰਵਿਆਂ ਅਨੁਸਾਰ ਮੁਕਤਸਰ ਜੇਲ੍ਹ ਵਿੱਚ ਦੋ ਦਰਜਨ ਦੇ ਕਰੀਬ ਡੇਰਾ ਪ੍ਰੇਮੀ ਹਨ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਕਿਹਾ ਕਿ ਨਾਮ ਚਰਚਾ ਬਾਰੇ ਕੁਝ ਧਿਆਨ ’ਚ ਨਹੀਂ ਆਇਆ। ਜੇ ਕੋਈ ਨਿਯਮਾਂ ’ਚ ਰਹਿ ਕੇ ਸਤਸੰਗ ਕਰਦਾ ਹੈ ਤਾਂ ਉਨ੍ਹਾਂ ਵੱਲੋਂ ਕੋਈ ਰੋਕ ਨਹੀਂ ਹੈ। ਸੰਗਰੂਰ ਜੇਲ੍ਹ ਵਿੱਚ 75 ਡੇਰਾ ਪ੍ਰੇਮੀ ਬੰਦ ਹਨ। ਇਹ ਡੇਰਾ ਸਿਰਸਾ ਦੇ ਨਾਮ ਦਾ ਜਾਪ ਕਰਦੇ ਹਨ। ਇਸੇ ਤਰ੍ਹਾਂ ਪਟਿਆਲਾ, ਫਾਜ਼ਿਲਕਾ ਤੇ ਬਰਨਾਲਾ ਦੀਆਂ ਜੇਲ੍ਹ ਵਿੱਚ ਵੀ ਡੇਰਾ ਪ੍ਰੇਮੀ ਬੰਦ ਹਨ।
ਦੂਜੇ ਪਾਸੇ ਬਠਿੰਡਾ ਤੇ ਮਾਨਸਾ ਦੇ ਨਾਮ ਚਰਚਾ ਘਰ ਬੰਦ ਪਏ ਹਨ, ਜਿੱਥੇ ਕੋਈ ਸਤਿਸੰਗ ਨਹੀਂ ਹੁੰਦਾ। ਬਠਿੰਡਾ ਜ਼ੋਨ ਵਿੱਚ ਡੇਰਾ ਪ੍ਰੇਮੀਆਂ ’ਤੇ 32 ਕੇਸ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ ਕਾਫ਼ੀ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

Leave a Reply

Your email address will not be published.