Home / ਪੰਜਾਬ / ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀਐਸਟੀ ਰਜਿਸਟਰੇਸ਼ਨ ਨੰਬਰ ਲਈ ਕਾਨੂੰਨੀ ਸਲਾਹ-ਮਸ਼ਵਰਾ
punjab page;Chapattis being given final touches with desi ghee before serving at Golden Temple's kitchen in Amritsar on Monday .photo vishal kumar

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀਐਸਟੀ ਰਜਿਸਟਰੇਸ਼ਨ ਨੰਬਰ ਲਈ ਕਾਨੂੰਨੀ ਸਲਾਹ-ਮਸ਼ਵਰਾ

Spread the love

ਅੰਮ੍ਰਿਤਸਰ-ਜੀਐਸਟੀ ਲਾਗੂ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਨੂੰ ਕਰੀਬ 1 ਕਰੋੜ ਰੁਪਏ ਪ੍ਰਤੀ ਮਹੀਨੇ ਦਾ ਵਾਧੂ ਬੋਝ ਝੱਲਣਾ ਪੈ ਰਿਹਾ ਹੈ। ਸੰਸਥਾ ਵੱਲੋਂ ਜੀਐਸਟੀ ਤੋਂ ਛੋਟ ਲਈ ਚਾਰਾਜੋਈ ਕੀਤੀ ਗਈ ਹੈ ਪਰ ਹੁਣ ਤਕ ਕੋਈ ਹਾਂ ਪੱਖੀ ਹੁੰਗਾਰਾ ਨਾ ਮਿਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਜੀਐਸਟੀ ਰਜਿਸਟਰੇਸ਼ਨ ਨੰਬਰ ਵਾਸਤੇ ਕਾਨੂੰਨੀ ਅਤੇ ਵਿੱਤੀ ਮਾਹਰਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕੀਤਾ ਹੈ।
ਜੀਐਸਟੀ ਲਾਗੂ ਹੋਣ ਤੋਂ ਬਾਅਦ ਕਮੇਟੀ ਨੂੰ ਲੰਗਰ ਦੀਆ ਵਸਤਾਂ ਦੀ ਖ਼ਰੀਦ ’ਤੇ ਇਹ ਨਵਾਂ ਟੈਕਸ ਦੇਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਸਮੇਤ ਹੋਰ ਧਾਰਮਿਕ ਅਦਾਰਿਆਂ ਨੂੰ ਵੈਟ ਤੋਂ ਛੋਟ ਪ੍ਰਾਪਤ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਕਾਨੂੰਨੀ ਤੇ ਵਿੱਤੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਤਾਂ ਜੋ ਜੀਐਸਟੀ ਰਜਿਸਟਰੇਸ਼ਨ ਨੰਬਰ ਲਿਆ ਜਾ ਸਕੇ। ਇਸ ਮਾਮਲੇ ਸਬੰਧੀ ਇੱਕ ਸਬ ਕਮੇਟੀ ਵੀ ਬਣਾਈ ਗਈ ਹੈ, ਜੋ ਸਮੁੱਚੇ ਮਾਮਲੇ ਨੂੰ ਦੇਖੇਗੀ। ਜੀਐਸਟੀ ਤੋਂ ਛੋਟ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਕੌਂਸਲ ਦੇ ਮੈਂਬਰਾਂ ਨੂੰ ਪੱਤਰ ਭੇਜੇ ਵੀ ਗਏ ਸਨ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਜੀਐਸਟੀ ਕੌਂਸਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਪੱਖ ਵਿੱਚ ਫ਼ੈਸਲਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਜੀਐਸਟੀ ਕੌਂਸਲ ਦੇ ਚੇਅਰਮੈਨ, ਕੇਂਦਰੀ ਵਿੱਤ ਮੰਤਰੀ, ਪ੍ਰਧਾਨ ਮੰਤਰੀ ਤੋਂ ਇਲਾਵਾ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਭੇਜ ਕੇ ਅਪੀਲ ਕੀਤੀ ਜਾ ਚੁੱਕੀ ਹੈ ਕਿ ਗੁਰਦੁਆਰਿਆਂ ਨੂੰ ਜੀਐਸਟੀ ਤੋਂ ਛੋਟ ਦਿੱਤੀ ਜਾਵੇ।
ਜੀਐਸਟੀ ਲਾਗੂ ਹੋਣ ਨਾਲ ਸੰਸਥਾ ਨੂੰ ਹਰ ਸਾਲ 9 ਤੋਂ 10 ਕਰੋੜ ਰੁਪਏ ਜੀਐਸਟੀ ਵਜੋਂ ਭੁਗਤਾਨ ਕਰਨਾ ਪਵੇਗਾ, ਜੋ ਕਿ ਸਿੱਖ ਸੰਸਥਾ ’ਤੇ ਵਾਧੂ ਬੋਝ ਹੈ। ਇਸ ਵੇਲੇ ਲੰਗਰ ਵਿੱਚ ਵਰਤੇ ਜਾਂਦੇ ਦੇਸੀ ਘਿਉ ’ਤੇ 12 ਫੀਸਦ, ਖੰਡ ’ਤੇ 18 ਫੀਸਦ ਅਤੇ ਦਾਲਾਂ ’ਤੇ 5 ਫੀਸਦ ਜੀਐਸਟੀ ਲਾਗੂ ਹੈ। ਇਨ੍ਹਾਂ ਵਸਤਾਂ ’ਤੇ ਸ਼੍ਰੋਮਣੀ ਕਮੇਟੀ ਸਾਲਾਨਾ 70 ਤੋਂ 80 ਕਰੋੜ ਰੁਪਏ ਖਰਚ ਕਰਦੀ ਹੈ। ਜਦਕਿ ਸਿਰਫ ਦਰਬਾਰ ਸਾਹਿਬ ਦੇ ਲੰਗਰ ਵਾਸਤੇ ਦੇਸੀ ਘਿਉ ਦਾ ਸਾਲਾਨਾ ਖਰਚਾ ਲਗਪਗ 30 ਕਰੋੜ ਰੁਪਏ ਹੈ। ਇਥੇ ਲੰਗਰ ਵਿੱਚ ਰੋਜ਼ਾਨਾ ਲਗਪਗ 50 ਹਜ਼ਾਰ ਤੋਂ ਵੱਧ ਸ਼ਰਧਾਲੂ ਲੰਗਰ ਛਕਦੇ ਹਨ ਤੇ ਹਫ਼ਤੇ ਦੇ ਆਖਰੀ ਦਿਨਾਂ, ਛੁੱਟੀਆਂ ਅਤੇ ਗੁਰਪੁਰਬਾਂ ਵਾਲੇ ਦਿਨਾਂ ਵਿੱਚ ਸੰਗਤ ਦੀ ਗਿਣਤੀ ਦੁਗਣੀ ਹੋ ਜਾਂਦੀ ਹੈ। ਸ੍ਰੀ ਗੁਰੂ ਰਾਮਦਾਸ ਲੰਗਰ ਦੇ ਮੈਨੇਜਰ ਰਘਬੀਰ ਸਿੰਘ ਮੰਡ ਨੇ ਦੱਸਿਆ ਕਿ ਇਥੇ ਢਾਈ ਤੋਂ ਤਿੰਨ ਕਰੋੜ ਰੁਪਏ ਪ੍ਰਤੀ ਮਹੀਨਾ ਦੇਸੀ ਘਿਉ, ਸੁੱਕਾ ਦੁੱਧ ਅਤੇ ਦਾਲਾਂ ਦੀ ਖਰੀਦ ’ਤੇ ਖਰਚ ਹੁੰਦੇ ਹਨ।

Leave a Reply

Your email address will not be published.