ਮੁੱਖ ਖਬਰਾਂ
Home / ਮੁੱਖ ਖਬਰਾਂ / ਸੁਸ਼ਮਾ ਵੱਲੋਂ ਭੂਟਾਨੀ ਵਿਦੇਸ਼ ਮੰਤਰੀ ਨਾਲ ਵਿਚਾਰਾਂ
Indian Foreign Minister Sushma Swaraj (R) and Bhutanese Foreign Minister Damcho Dorji talk during a bilateral meeting in Kathmandu on August 11, 2017. The foreign ministers are in Nepal for the BIMSTEC ministerial meeting. / AFP PHOTO / PRAKASH MATHEMA

ਸੁਸ਼ਮਾ ਵੱਲੋਂ ਭੂਟਾਨੀ ਵਿਦੇਸ਼ ਮੰਤਰੀ ਨਾਲ ਵਿਚਾਰਾਂ

Spread the love

ਕਾਠਮੰਡੂ/ਨਵੀਂ ਦਿੱਲੀ-ਵਿਦੇਸ਼ ਮੰੰਤਰੀ ਸੁਸ਼ਮਾ ਸਵਰਾਜ ਨੇ ਇਥੇ ਆਪਣੇ ਭੂਟਾਨੀ ਹਮਰੁਤਬਾ ਦਾਮਚੋ ਦੋਰਜੀ ਨਾਲ ਮੁਲਾਕਾਤ ਕੀਤੀ। ਸਮਝਿਆ ਜਾਂਦਾ ਹੈ ਕਿ ਦੋਵੇਂ ਆਗੂਆਂ ਨੇ ਸਿੱਕਿਮ ਸੈਕਟਰ ਦੇ ਡੋਕਲਾਮ ਖ਼ਿੱਤੇ ਵਿੱਚ ਭਾਰਤੀ ਤੇ ਚੀਨੀ ਫ਼ੌਜਾਂ ਦਰਮਿਆਨ ਜਾਰੀ ਰੇੜਕੇ ਦੇ ਮੱਦੇਨਜ਼ਰ ਦੁਵੱਲੇ ਮਾਮਿਲਆਂ ’ਤੇ ਵਿਚਾਰਾਂ ਕੀਤੀਆਂ। ਇਸ ਦੌਰਾਨ ਚੀਨ ਵੱਲੋਂ ਜੰਗ ਦੀਆਂ ਨਿੱਤ ਦਿੱਤੀਆਂ ਜਾ ਰਹੀਆਂ ਧਮਕੀਆਂ ਦੌਰਾਨ ਭਾਰਤ ਨੇ ਚੀਨ ਨਾਲ ਲੱਗਦੀ ਆਪਣੀ ਪੂਰੀ ਪੂਰਬੀ ਸਰਹੱਦ ਉਤੇ ਫ਼ੌਜਾਂ ਦੀ ਨਫ਼ਰੀ ਵਧਾ ਦਿੱਤੀ ਹੈ।
ਬੀਬੀ ਸਵਰਾਜ ਤੇ ਸ੍ਰੀ ਦੋਰਜੀ ਦੀ ਅੱਜ ਦੀ ਮੀਟਿੰਗ ਨੂੰ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਮੀਟਿੰਗ ਵਿੱਚ ਹੋਈ ਚਰਚਾ ਬਾਰੇ ਭਾਵੇਂ ਅਧਿਕਾਰਤ ਤੌਰ ’ਤੇ ਕੁਝ ਨਹੀਂ ਦੱਸਿਆ ਗਿਆ, ਪਰ ਸਮਝਿਆ ਜਾਂਦਾ ਹੈ ਕਿ ਇਸ ਮੌਕੇ ਭਾਰਤ, ਚੀਨ ਤੇ ਭੂਟਾਨ ਦੀ ਸਰਹੱਦ ਦੀ ਤਿਕੋਣ ’ਤੇ ਸਥਿਤ ਡੋਕਲਾਮ ਦਾ ਮੁੱਦਾ ਮੁੱਖ ਤੌਰ ’ਤੇ ਵਿਚਾਰਿਆ ਗਿਆ। ਉਹ ‘ਬਹੁ-ਖੇਤਰੀ ਤਕਨੀਕੀ ਤੇ ਆਰਥਿਕ ਸਹਿਯੋਗ ਲਈ ਬੰਗਾਲ ਖਾੜੀ ਪਹਿਲਕਦਮੀ’ (ਬਿਮਸਟੈਕ) ਤਹਿਤ ਇਥੇ ਦੱਖਣੀ ਏਸ਼ਿਆਈ ਤੇ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਮੀਟਿੰਗ ਸਬੰਧੀ ਨੇਪਾਲ ਦੀ ਰਾਜਧਾਨੀ ਪੁੱਜੇ ਹੋਏ ਸਨ।
ਮੀਟਿੰਗ ਸਬੰਧੀ ਆਪਣੀ ਟਵੀਟ ਵਿੱਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ, ‘‘ਇਕ ਕਰੀਬੀ ਦੋਸਤ ਤੇ ਗੁਆਂਢੀ ਨੂੰ ਮਿਲਣ ਦਾ ਸਮਾਂ। ਵਿਦੇਸ਼ ਮੰਤਰੀ ਨੇ ਬਿਮਸਟੈਕ ਦੌਰਾਨ ਵੱਖਰੇ ਤੌਰ ’ਤੇ ਭੂਟਾਨ ਦੇ ਵਿਦੇਸ਼ ਮੰਤਰੀ ਦਾਮਚੋ ਦੋਰਜੀ ਨਾਲ ਕੀਤੀ ਮੁਲਾਕਾਤ।’’ ਉਨ੍ਹਾਂ ਟਵਿੱਟਰ ’ਤੇ ਮੀਟਿੰਗ ਦੀਆਂ ਫੋਟੋਆਂ ਵੀ ਪਾਈਆਂ ਹਨ। ਭਾਰਤ ਤੋਂ ਇਲਾਵਾ ਬੰਗਲਾਦੇਸ਼, ਮਿਆਂਮਾਰ, ਸ੍ਰੀਲੰਕਾ, ਥਾਈਲੈਂਡ, ਭੂਟਾਨ ਤੇ ਨੇਪਾਲ ਵੀ ਇਸ ਗਰੁੱਪ ਦੇ ਮੈਂਬਰ ਹਨ।
ਦੂਜੇ ਪਾਸੇ ਭਾਰਤ ਨੇ ਚੀਨੀ ਧਮਕੀਆਂ ਦੇ ਮੱਦੇਨਜ਼ਰ ਇਕ ਅਹਿਮ ਰਣਨੀਤਕ ਕਦਮ ਦੌਰਾਨ ਚੀਨ ਨਾਲ ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ’ਚ ਲੱਗਦੀ ਪੂਰੀ ਪੂਰਬੀ ਸਰਹੱਦ ਉਤੇ ਫ਼ੌਜਾਂ ਦੀ ਨਫ਼ਰੀ ਵਧਾ ਦਿੱਤੀ ਹੈ। ਉਥੇ ਤਾਇਨਾਤ ਦਸਤਿਆਂ ਦੀ ‘ਚੌਕਸੀ ਦੇ ਪੱਧਰ’ ਵਿੱਚ ਵੀ ਇਜ਼ਾਫ਼ਾ ਕੀਤਾ ਗਿਆ ਹੈ। ਇਸ ਕਰੀਬ 1400 ਕਿਲੋਮੀਟਰ ਲੰਬੀ ਸਰਹੱਦ ਉਤੇ ਫ਼ੌਜਾਂ ਦੀ ਤਾਇਨਾਤੀ ਵਧਾਉਣ ਦਾ ਫ਼ੈਸਲਾ ਸਮੁੱਚੇ ਹਾਲਾਤ ਦੇ ਵਿਸ਼ਲੇਸ਼ਣ ਤੇ ਚੀਨ ਦੇ ਭਾਰਤ ਖ਼ਿਲਾਫ਼ ਹਮਲਾਵਰ ਰੁਖ਼ ਨੂੰ ਦੇਖਦਿਆਂ ਲਿਆ ਗਿਆ ਹੈ।
ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਕਿਹਾ ਕਿ ਫ਼ੌਜ ਦੀ ਸੁਕਨਾ ਆਧਾਰਤ 33 ਕੋਰ ਤੇ ਨਾਲ ਹੀ ਅਰੁਣਾਚਲ ਤੇ ਅਸਾਮ ਵਿੱਚ ਸਥਿਤ 3 ਤੇ 4 ਕੋਰਾਂ ਨੂੰ ਨਾਜ਼ੁਕ ਭਾਰਤ-ਚੀਨ ਸਰਹੱਦ ਦੀ ਹਿਫ਼ਾਜ਼ਤ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਨ੍ਹਾਂ ਇਸ ਸਬੰਧੀ ਹੋਰ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ। ਰੱਖਿਆ ਮਾਹਿਰਾਂ ਮੁਤਾਬਕ ਆਮ ਕਰ ਕੇ ਮੌਸਮੀ ਹਾਲਾਤ ਮੁਤਾਬਕ ਢਲਣ ਦਾ ਅਮਲ ਪੂਰਾ ਕਰ ਚੁੱਕੇ ਕਰੀਬ 45 ਹਜ਼ਾਰ ਜਵਾਨਾਂ ਨੂੰ ਹਰ ਸਮੇਂ ਤਾਇਨਾਤੀ ਲਈ ਤਿਆਰ ਰੱਖਿਆ ਜਾਂਦਾ ਹੈ।ਇਸ ਦੌਰਾਨ ਚੀਨੀ ਸਮੁੰਦਰੀ ਫ਼ੌਜ ਨੇ ਆਪਣੇ ਰਣਨੀਤਕ ਦੱਖਣ ਸਾਗਰੀ ਜੰਗੀ ਬੇੜੇ (ਐਸਐਸਐਫ਼) ਨੂੰ ਪਹਿਲੀ ਵਾਰ ਸਾਹਿਲੀ ਸ਼ਹਿਰ ਜ਼ਾਨਜਿਆਂਗ ਨੇੜੇ ਸਮੁੰਦਰ ਵਿੱਚ ਭਾਰਤੀ ਪੱਤਰਕਾਰਾਂ ਨੂੰ ਦਿਖਾਉਂਦਿਆਂ ਕਿਹਾ ਕਿ ਉਹ ਭਾਰਤ ਨਾਲ ਮਿਲ ਕੇ ਹਿੰਦ ਮਹਾਸਾਗਰ ਦੀ ਸੁਰੱਖਿਆ ਵਧਾਉਣ ਦੀ ਚਾਹਵਾਨ ਹੈ। ਹਾਲਾਂਕਿ ਇਸ ਤਹਿਤ ਚੀਨੀ ਫ਼ੌਜ ਦਾ ਗੁੱਝਾ ਮਕਸਦ ਹਿੰਦ ਮਹਾਸਾਗਰ ਵਿੱਚ ਆਪਣੀ ਪਹੁੰਚ ਵਧਾਉਣਾ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਸਐਸਐਫ਼ ਡਿਪਟੀ ਮੁਖੀ ਕੈਪਟਨ ਲਿਆਂਗ ਤਿਆਨਜੁਨ ਨੇ ਕਿਹਾ,‘‘ਮੇਰੇ ਖ਼ਿਆਲ ਵਿੱਚ ਹਿੰਦ ਮਹਾਸਾਗਰ ਦੀ ਸੁਰੱਖਿਆ ਤੇ ਸਲਾਮਤੀ ਲਈ ਚੀਨ ਤੇ ਭਾਰਤ ਮਿਲ ਕੇ ਕੰਮ ਕਰ ਸਕਦੇ ਹਨ।’’ ਉਨ੍ਹਾਂ ਇਸ ਨੂੰ ਕੌਮਾਂਤਰੀ ਭਾਈਚਾਰੇ ਦੀ ‘ਸਾਂਝੀ ਥਾਂ’ ਕਰਾਰ ਦਿੱਤਾ। ਉਨ੍ਹਾਂ ਚੀਨੀ ਜੰਗੀ ਬੇੜਿਆਂ ਦੀਆਂ ਖ਼ਿੱਤੇ ਵਿੱਚ ਵਧ ਰਹੀਆਂ ਮੁਹਿੰਮਾਂ ਦੀ ਵੀ ਜਾਣਕਾਰੀ ਦਿੱਤੀ, ਜਿਸ ਤਹਿਤ ਚੀਨ ਨੇ ਪਹਿਲੀ ਵਾਰ ਅਫ਼ਰੀਕਾ ਦੇ ਪੱਛਮੀ ਖ਼ਿੱਤੇ ਜਿਸ ਨੂੰ ‘ਹੌਰਨ ਆਫ਼ ਅਫ਼ਰੀਕਾ’ ਵੀ ਕਿਹਾ ਜਾਂਦਾ ਹੈ, ਵਿਚਲੇ ਮੁਲਕ ਦਿਜੀਬੂਟੀ ਵਿੱਚ ਆਪਣਾ ਸਮੁੰਦਰੀ ਫ਼ੌਜੀ ਅੱਡਾ ਕਾਇਮ ਕੀਤਾ ਹੈ। ਇਸ ਅੱਡੇ ਦੀ ਕਾਇਮੀ ਨੂੰ ਸਹੀ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਰਾਹੀਂ ਸਮੁੰਦਰੀ ਧਾੜਵੀਆਂ ਨੂੰ ਠੱਲ੍ਹਿਆ ਜਾ ਸਕੇਗਾ।

Leave a Reply

Your email address will not be published.