Home / ਪੰਜਾਬ / ਦਫ਼ਤਰਾਂ ‘ਚ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ 13ਵੀਂ ਤਨਖ਼ਾਹ

ਦਫ਼ਤਰਾਂ ‘ਚ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਮਿਲੇਗੀ 13ਵੀਂ ਤਨਖ਼ਾਹ

Spread the love

ਚੰਡੀਗੜ੍ਹ-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਬਣੀ ਸਰਕਾਰ ਦਾ ਪਹਿਲਾ ਬਜਟ 20 ਜੂਨ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੇਸ਼ ਕਰਨਗੇ ਪਰ ਸਰਕਾਰ ਨੇ ਬਜਟ ਤੋਂ ਪਹਿਲਾਂ ਹੀ ਖ਼ਰਚਿਆਂ ਵਿਚ ਕਟੌਤੀ ਕਰਨ ਦਾ ਸੰਕੇਤ ਦਿੰਦਿਆਂ ਦਫ਼ਤਰਾਂ ਵਿਚ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮਿਲਣ ਵਾਲੀ 13 ਵੀਂ ਤਨਖ਼ਾਹ ‘ਤੇ ਕੱਟ ਲਾ ਦਿਤਾ ਹੈ। ਸਿਰਫ਼ ਪੁਲਿਸ ਥਾਣਿਆਂ ਜਾਂ ਫ਼ੀਲਡ ਵਿਚ ਡਿਊਟੀ ‘ਤੇ ਤੈਨਾਤ ਰਹਿਣ ਵਾਲੇ ਮੁਲਾਜ਼ਮਾਂ ਨੂੰ 13 ਵੀਂ ਤਨਖ਼ਾਹ ਦਾ ਲਾਭ ਮਿਲੇਗਾ।
ਵਿੱਤ ਵਿਭਾਗ ਵਲੋਂ ਜਾਰੀ ਨਿਰਦੇਸ਼ ਅਨੁਸਾਰ ਰਾਜ ਅੰਦਰ 1981 ‘ਚ ਜਾਰੀ ਨੋਟੀਫ਼ੀਕੇਸ਼ਨ ਤਹਿਤ ਪੰਜਾਬ ਪੁਲਿਸ ਦੇ ਇੰਸਪੈਕਟਰ, ਸਬ ਇੰਸਪੈਕਟਰ, ਸਹਾਇਕ ਸਬ ਇੰਸੈਪਕਟਰ, ਹੌਲਦਾਰ ਤੇ ਸਿਪਾਹੀ ਜੋ ਗਜ਼ਟਿਡ ਛੁੱਟੀਆਂ ‘ਚ ਵੀ ਡਿਊਟੀ ਕਰਦੇ ਹਨ, ਨੂੰ ਇਸ ਦੇ ਬਦਲੇ ਸਾਲ ‘ਚ ਇਕ ਵਾਧੂ ਯਾਨੀ 13 ਵੀਂ ਤਨਖ਼ਾਹ ਦਿਤੀ ਜਾਂਦੀ ਹੈ।
ਜਾਰੀ ਆਦੇਸ਼ ਅਨੁਸਾਰ ਵਿੱਤ ਵਿਭਾਗ ਦੇ ਧਿਆਨ ‘ਚ ਆਇਆ ਹੈ ਕਿ ਪੁਲਿਸ ਵਿਭਾਗ ਦੇ ਨਾਨ ਗਜ਼ਟਿਡ ਅਧਿਕਾਰੀ ਜਿਨ੍ਹਾਂ ਵਿਚ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤਕ ਦੇ ਅਧਿਕਾਰੀ ਸ਼ਾਮਲ ਹਨ, ਵੱਖ ਵੱਖ ਦਫ਼ਤਰਾਂ ਜਿਵੇਂ ਐਸ.ਐਸ.ਪੀ ਦਫ਼ਤਰ ਤੋਂ ਲੈ ਕੇ ਡੀ.ਆਈ.ਜੀ., ਆਈ.ਜੀ ਤੇ ਮੁੱਖ ਦਫ਼ਤਰ, ਵਿਚ ਤੈਨਾਤ ਹਨ।
ਦਫ਼ਤਰਾਂ ਵਿਚ ਤੈਨਾਤ ਇਹ ਅਧਿਕਾਰੀ, ਮੁਲਾਜ਼ਮ ਗਜ਼ਟਿਡ ਛੁੱਟੀਆਂ ਬਦਲੇ ਸਾਲ ‘ਚ ਇਕ ਵਾਧੂ ਤਨਖ਼ਾਹ ਲੈ ਰਹੇ ਹਨ ਜਦਕਿ ਗਜ਼ਟਿਡ ਛੁੱਟੀਆਂ ਵੀ ਲੈ ਲੈਂਦੇ ਹਨ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਦਫ਼ਤਰੀ ਪੁਲਿਸ ਮੁਲਾਜ਼ਮਾਂ ਨੂੰ ਸਾਲ ‘ਚ ਮਿਲਣ ਵਾਲੀ 13 ਵੀਂ ਤਨਖ਼ਾਹ ਦਾ ਫ਼ਾਇਦਾ ਨਹੀਂ ਦਿਤਾ ਜਾਵੇਗਾ।

Leave a Reply

Your email address will not be published.