ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਆਸਟ੍ਰੇਲੀਅਨ ਪ੍ਰਿੰਸੀਪਲ ਨੇ ਵਧਾਇਆ ਸਿੱਖਾਂ ਦਾ ਮਾਣ

ਆਸਟ੍ਰੇਲੀਅਨ ਪ੍ਰਿੰਸੀਪਲ ਨੇ ਵਧਾਇਆ ਸਿੱਖਾਂ ਦਾ ਮਾਣ

Spread the love

ਮੈਲਬਰਨ-ਕੁਝ ਮਹੀਨੇ ਪਹਿਲਾਂ ਆਸਟ੍ਰੇਲੀਆ ਵਿੱਚ ਰਹਿੰਦੇ ਦਸਤਾਰਧਾਰੀ ਸਿੱਖ ਬੱਚਿਆਂ ਨੂੰ ਦਸਤਾਰ ਜਾਂ ਪਟਕੇ ਸਮੇਤ ਸਕੂਲਾਂ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰਨ ਵਰਗੀਆਂ ਕਈ ਖਬਰਾਂ ਸਾਹਮਣੇ ਆਈਆਂ ਸਨ। ਇਸ ਸਭ ਦੇ ਦਰਮਿਆਨ ਮੈਲਬਰਨ ਦੇ ਮਦਰ ਆਫ ਗੌਡ ਕ੍ਰਿਸਚੀਅਨ ਸਕੂਲ ਦੀ ਪ੍ਰਿੰਸੀਪਲ ਵੱਲੋਂ ਸਿੱਖ ਬੱਚੇ ਨੂੰ ਖੁਦ ਪਟਕਾ ਬੰਨ੍ਹਣ ਦੀ ਭਾਈਚਾਰਕ ਸਾਂਝ ਵਾਲੀ ਖਬਰ ਸਾਹਮਣੇ ਆਈ ਹੈ।
ਦਰਅਸਲ ਸਕੂਲ ਵਿੱਚ ਪੜ੍ਹਦੇ ਵਿਦਿਆਰਥੀ ਮਨਸੇਜ ਸਿੰਘ ਦਾ ਸਕੂਲ ਵਿੱਚ ਅਚਾਨਕ ਪਟਕਾ ਉਤਰ ਗਿਆ ਸੀ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਤੇ ਸਹਿ ਅਧਿਆਪਕ ਨੇ ਯੂ-ਟਿਊਬ ‘ਤੇ ਦਸਤਾਰ ਤੇ ਪਟਕਾ ਬੰਨ੍ਹਣ ਵਾਲੀਆਂ ਵੀਡੀਓਜ਼ ਦੀ ਮਦਦ ਨਾਲ ਮਨਸੇਜ ਦੇ ਪਟਕਾ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਪ੍ਰਿੰਸੀਪਲ ਵੱਲੋਂ ਇਸ ਦਰਮਿਆਨ ਮਨਸੇਜ ਸਿੰਘ ਦੇ ਮਾਪਿਆਂ ਨੂੰ ਵੀ ਫੋਨ ਕਰਕੇ ਪਟਕੇ ਨੂੰ ਫਾਈਨਲ ਟੱਚ ਦੇਣ ਲਈ ਬੁਲਾਇਆ ਗਿਆ।
ਮਨਸੇਜ ਸਿੰਘ ਦੇ ਪਿਤਾ ਅਮਰ ਸਿੰਘ ਮੁਤਾਬਕ ਜਦੋਂ ਉਹ ਸਕੂਲ ਪਹੁੰਚਿਆ ਤਾਂ ਦੇਖਿਆ ਕਿ ਪ੍ਰਿੰਸੀਪਲ ਗੈਰਾਰਡ ਬਰਾਡਫੁੱਟ ਤੇ ਅਧਿਆਪਕ ਮਾਈਕਲ ਯੂ-ਟਿਊਬ ਦੀ ਸਹਾਇਤਾ ਨਾਲ ਮਨਸੇਜ ਨੂੰ ਪਟਕਾ ਬੰਨ੍ਹ ਰਹੇ ਸਨ। ਸਕੂਲ ਪਹੁੰਚੇ ਅਮਰ ਸਿੰਘ ਤੋਂ ਪ੍ਰਿੰਸੀਪਲ ਨੇ ਇਹ ਕਹਿੰਦਿਆਂ ਮੁਆਫੀ ਵੀ ਮੰਗੀ ਕਿ ਉਹ ਬੱਚੇ ਦੇ ਸਹੀ ਤਰੀਕੇ ਨਾਲ ਪਟਕਾ ਨਹੀਂ ਬੰਨ੍ਹ ਸਕੇ। ਇਸ ਕਰਕੇ ਤੁਹਾਨੂੰ ਬੁਲਾਉਣਾ ਪਿਆ।
ਵਿਦੇਸ਼ਾਂ ਵਿੱਚ ਨਸਲੀ ਭੇਦਭਾਵ ਦਰਮਿਆਨ ਇਹ ਸੱਚਮੁੱਚ ਸਿੱਖ ਭਾਈਚਾਰੇ ਲਈ ਬਹੁਤ ਰਾਹਤ ਦੇਣ ਵਾਲੀ ਗੱਲ ਹੈ। ਇਸ ਪਹਿਲ ਸਦਕਾ ਯੂਨਾਈਟਡ ਸਿੱਖਜ਼ ਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕਰੇਅਬਰਨ, ਮੈਲਬਰਨ ਵੱਲੋਂ ਪ੍ਰਿੰਸੀਪਲ ਗੈਰਾਰਡ ਬਰਾਡਫੁੱਟ ਤੇ ਅਧਿਆਪਕ ਮਾਈਕਲ ਬੱਕਲੇ ਦਾ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਨੇ ਸਦਾਚਾਰਕ ਸਾਂਝ ਤੇ ਮਨੁੱਖਤਾ ਦਾ ਸੁਨੇਹਾ ਦਿੱਤਾ ਹੈ। ਇਸ ਮੌਕੇ ਬੱਚੇ ਮਨਸੇਜ ਸਿੰਘ ਨੂੰ ਵੀ ‘ਡਿਫੈਂਡਰ ਆਫ ਦ ਸਿੱਖ ਦਸਤਾਰ’ ਅਵਾਰਡ ਨਾਲ ਸਨਮਾਨਿਆ ਗਿਆ।

Leave a Reply

Your email address will not be published.