ਮੁੱਖ ਖਬਰਾਂ
Home / ਮੁੱਖ ਖਬਰਾਂ / ਟਰੰਪ ਟੀਮ ਦੇ 18 ਲੁਕਵੇਂ ਰੂਸੀ ਸੰਪਰਕਾਂ ਦਾ ਖ਼ੁਲਾਸਾ

ਟਰੰਪ ਟੀਮ ਦੇ 18 ਲੁਕਵੇਂ ਰੂਸੀ ਸੰਪਰਕਾਂ ਦਾ ਖ਼ੁਲਾਸਾ

Spread the love

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੋਣ ਮੁਹਿੰਮ ਟੀਮ ਦੇ ਰੂਸ ਨਾਲ ਸਬੰਧਾਂ ਦੀ ਜਾਂਚ ਲਈ ਅਮਰੀਕੀ ਨਿਆਂ ਵਿਭਾਗ ਨੇ ਐਫ਼ਬੀਆਈ ਦੇ ਸਾਬਕਾ ਡਾਇਰੈਕਟਰ ਰੌਬਰਟ ਮੂਲਰ ਨੂੰ ਵਿਸ਼ੇਸ਼ ਜਾਂਚਕਾਰ ਨਿਯੁਕਤ ਕੀਤਾ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ੍ਰੀ ਟਰੰਪ ਦੇ ਚੋਣ ਮੁਹਿੰਮ ਸਲਾਹਕਾਰ ਮਾਈਕਲ ਫਲਿਨ ਤੇ ਹੋਰ ਮੈਂਬਰਾਂ ਦਾ ਕਈ ਰੂਸੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਸੀ। ਅਜਿਹੇ ਲੁਕਵੇਂ ਰੂਸੀ ਸੰਪਰਕਾਂ ਦੀ ਗਿਣਤੀ ਘੱਟੋ-ਘੱਟ 18 ਦੱਸੀ ਜਾਂਦੀ ਹੈ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਪਹਿਲਾਂ ਸਾਹਮਣੇ ਆਏ ਅਜਿਹੇ ਛੇ ਰੂਸੀ ਸੰਪਰਕਾਂ ਵਿੱਚ ਰੂਸ ਦੇ ਅਮਰੀਕਾ ’ਚ ਰਾਜਦੂਤ ਸਰਗੇਈ ਕਿਸਲਿਯਾਕ ਨਾਲ ਸ੍ਰੀ ਫਲਿਨ ਅਤੇ ਹੋਰ ਤਿੰਨ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਦੀਆਂ ਫੋਨ ਕਾਲਾਂ ਸ਼ਾਮਲ ਹਨ। ਬੀਤੀ 8 ਨਵੰਬਰ ਨੂੰ ਵੋਟਾ ਪੈਣ ਤੋਂ ਬਾਅਦ ਕਾਲਾਂ ਦੀ ਗਿਣਤੀ ਵਧ ਗਈ ਸੀ।
ਸ੍ਰੀ ਮੂਲਰ ਦੀ ਨਿਯੁਕਤੀ ’ਤੇ ਟਿੱਪਣੀ ਕਰਦਿਆਂ ਸ੍ਰੀ ਟਰੰਪ ਨੇ ਕਿਹਾ ਕਿ ਜਾਂਚ ਤੋਂ ਸਾਹਮਣੇ ਆ ਜਾਵੇਗਾ ਕਿ ਉਨ੍ਹਾਂ ਦੀ ਟੀਮ ਦੀ ਰੂਸ ਨਾਲ ਅਜਿਹੀ ਕੋਈ ਗੰਢ-ਤੁੱਪ ਨਹੀਂ ਸੀ। ਉਨ੍ਹਾਂ ਮੀਡੀਆ ਉਤੇ ਵੀ ਦੋਸ਼ ਲਾਇਆ ਕਿ ਮੀਡੀਆ ਜਿੰਨਾ ‘ਪੱਖਪਾਤ’ ਉਨ੍ਹਾਂ ਨਾਲ ਕਰ ਰਿਹਾ ਹੈ, ਉਂਨਾ ਹੋਰ ਕਿਸੇ ਅਮਰੀਕੀ ਰਾਸ਼ਟਰਪਤੀ ਨਾਲ ਨਹੀਂ ਹੋਇਆ।
ਇਸ ਤੋਂ ਪਹਿਲਾਂ ਸ੍ਰੀ ਮੂਲਰ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਡਿਪਟੀ ਅਟਾਰਨੀ ਜਨਰਲ ਰੌਡ ਜੇ. ਰੋਜ਼ਨਸਟੀਨ ਨੇ ਕਿਹਾ ਕਿ ਉਨ੍ਹਾਂ ਨੂੰ ‘ਡੂੰਘੀ ਤੇ ਮੁਕੰਮਲ ਜਾਂਚ ਲਈ’ ਸਾਰੇ ਲੋਡ਼ੀਂਦੇ ਵਸੀਲੇ ਮੁਹੱਈਆ ਕਰਵਾਏ ਜਾਣਗੇ। ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੇ ਸਪੀਕਰ ਪੌਲ ਰਿਆਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜੋ ਵੀ ਅਸਲੀਅਤ ਹੈ, ਉਹ ਲੋਕਾਂ ਦੇ ਸਾਹਮਣੇ ਆਵੇ। ਇਸ ਦੌਰਾਨ ਅਮਰੀਕਾ ਦਾ ਇਕ ਵਫ਼ਦ ਮੁਲਕ ਦੇ ਵਾਤਾਵਰਨ ਸਬੰਧੀ ਹਿੱਤਾਂ ਦੀ ਰੱਖਿਆ ਲਈ ਚੁੱਪ-ਚਾਪ ਜਰਮਨੀ ਵਿੱਚ ਜਾਰੀ ਇਕ ਕੌਮਾਂਤਰੀ ਕਾਨਫਰੰਸ ਵਿੱਚ ਪੁੱਜਾ ਹੋਇਆ ਹੈ। ਗ਼ੌਰਤਲਬ ਹੈ ਕਿ ਸ੍ਰੀ ਟਰੰਪ ਵੱਲੋਂ ਇਸ ਮੁੱਦੇ ਉਤੇ ਮੁੱਖ ਤੌਰ ’ਤੇ ਅਮਰੀਕਾ ਵੱਲੋਂ ਹੀ ਤਿਆਰ ਸਮਝੌਤੇ ਨੂੰ ਰੱਦ ਕਰਨ ਦੀ ਧਮਕੀ ਦੇ ਚੁੱਕੇ ਹਨ।

Leave a Reply

Your email address will not be published.