ਮੁੱਖ ਖਬਰਾਂ
Home / ਭਾਰਤ / ਵਿਰੋਧੀ ਧਿਰ ਨੇ ਰਾਜਪਾਲ ਵਲ ਸੁੱਟੇ ਕਾਗ਼ਜ਼ ਦੇ ਗੋਲੇ

ਵਿਰੋਧੀ ਧਿਰ ਨੇ ਰਾਜਪਾਲ ਵਲ ਸੁੱਟੇ ਕਾਗ਼ਜ਼ ਦੇ ਗੋਲੇ

Spread the love

ਲਖਨਊ-ਉਤਰ ਪ੍ਰਦੇਸ਼ ਦੀ 17ਵੀਂ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਵਿਰੋਧੀ ਧਿਰ ਦੇ ਜ਼ੋਰਦਾਰ ਹੰਗਾਮੇ ਨਾਲ ਸ਼ੁਰੂ ਹੋਇਆ। ਹੰਗਾਮੇ ਦਰਮਿਆਨ ਭਾਸ਼ਣ ਪੜ੍ਹਨ ਵਾਲੇ ਰਾਜਪਾਲ ਰਾਮ ਨਾਇਕ ਵਲ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਾਗ਼ਜ਼ ਦੇ ਗੋਲੇ ਸੁੱਟੇ।
ਰਾਜਪਾਲ ਰਾਮ ਨਾਇਕ ਨੇ ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੇ ਸਾਂਝੇ ਇਜਲਾਸ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਭਾਸ਼ਣ ਪੜ੍ਹਨਾ ਸ਼ੁਰੂ ਕਰ ਦਿਤਾ ਪਰ ਵਿਰੋਧੀ ਧਿਰ ਦੇ ਮੈਂਬਰ ਜ਼ੋਰਦਾਰ ਹੰਗਾਮਾ ਕਰਨ ਲੱਗੇ ਅਤੇ ਰਾਜਪਾਲ ਵਲ ਕਾਗ਼ਜ਼ ਦੇ ਗੋਲੇ ਸੁੱਟੇ ਗਏ। ਉਨ੍ਹਾਂ ਨੂੰ ਰਾਜਪਾਲ ਤੋਂ ਦੂਰ ਰੱਖਣ ਲਈ ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਰਾਜਪਾਲ ਦਾ ਪੂਰਾ ਭਾਸ਼ਣ ਸੁਣਨ ਬਾਰੇ ਵਿਧਾਨ ਸਭਾ ਸਪੀਕਰ ਹਰਦਿਆ ਨਾਰਾਇਣ ਦੀਕਸ਼ਤ ਦੀ ਅਪੀਲ ਦਾ ਵਿਰੋਧੀ ਧਿਰ ਦੇ ਮੈਂਬਰਾਂ ‘ਤੇ ਕੋਈ ਅਸਰ ਨਾ ਹੋਇਆ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਸਣੇ ਸਮੁੱਚੀ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੱਥਾਂ ਵਿਚ ਸਰਕਾਰ ਵਿਰੋਧੀ ਨਾਹਰੇ ਲਿਖੇ ਬੈਨਰ ਅਤੇ ਤਖ਼ਤੀਆਂ ਸਨ। ਸੁਰੱਖਿਆ ਕਰਮੀ ਕਾਗਜ਼ ਦੇ ਗੋਲਿਆਂ ਨੂੰ ਫ਼ਾਈਲਾਂ ਦੇ ਸਹਾਰੇ ਰੋਕਦੇ ਵੇਖੇ ਗਏ। ਹਾਲਾਂਕਿ ਸੁੱਟੇ ਗਏ ਕੁੱਝ ਕਾਗ਼ਜ਼ ਨਾਈਕ ਤਕ ਪਹੁੰਚ ਵੀ ਗਏ। ਸਦਨ ਦੀ ਕਾਰਵਾਈ ਦਾ ਪਹਿਲੀ ਵਾਰ ਟੈਲੀਵਿਜ਼ਨ ਉਤੇ ਸਿੱਧਾ ਪ੍ਰਸਾਰਣ ਕੀਤਾ ਗਿਆ।
ਸ਼ੋਰ-ਸ਼ਰਾਬੇ ਅਤੇ ਹੰਗਾਮੇ ਦਰਮਿਆਨ ਰਾਜਪਾਲ ਨੇ ਲਗਭਗ ਪੂਰਾ ਭਾਸ਼ਣ ਪੜ੍ਹਿਆ। ਨਾਇਕ ਕਈ ਵਾਰ ਵਿਰੋਧੀ ਧਿਰ ਦੇ ਮੈਂਬਰਾਂ ਦੇ ਰਵਈਏ ਨੂੰ
ਸਵਾਲੀਆ ਨਜ਼ਰਾਂ ਨਾਲ ਵੇਖਦੇ ਅਤੇ ਇਸ਼ਾਰਿਆਂ ਵਿਚ ਇਤਰਾਜ਼ ਪ੍ਰਗਟਾਉਂਦੇ ਰਹੇ। ਇਸ ਦੌਰਾਨ ਉਨ੍ਹਾਂ ਕਿਹਾ, ”ਸਾਰਾ ਉਤਰ ਪ੍ਰਦੇਸ਼ ਵੇਖ ਰਿਹਾ ਹੈ, ਤੁਸੀਂ ਕੀ ਕਰ ਰਹੇ ਹੋ?” ਰਾਜਪਾਲ ਨੇ ਕਰੀਬ 35 ਮਿੰਟ ਦੇ ਭਾਸ਼ਨ ਦੌਰਾਨ ਸਮਾਜਵਾਦੀ ਪਾਰਟੀ ਵਿਧਾਨ ਕੌਂਸਲ ਮੈਂਬਰ ਰਾਜੇਸ਼ ਯਾਦਵ ਜ਼ੋਰ-ਜ਼ੋਰ ਨਾਲ ਵਿਸਲ ਵਜਾਉਂਦੇ ਰਹੇ। ਹੰਗਾਮਾ ਕਰ ਰਹੇ ਮੈਂਬਰ ਹੱਥਾਂ ਵਿਚ ”ਪੁਲੀਸ ਪਿਟ ਰਹੀ ਥਾਣੇ ਵਿਚ, ਯੋਗੀ ਤੇਰੇ ਜ਼ਮਾਨੇ ਵਿਚ”, ”ਗਊ ਰਖਿਆ ਦੇ ਨਾਮ ਉਤੇ ਗੁੰਡਾਗਰਦੀ ਬੰਦ ਕਰੋ” ਅਤੇ ”ਕਿਸਾਨ ਵਿਰੋਧ ਇਹ ਸਰਕਾਰ, ਨਹੀਂ ਚਲੇਗੀ, ਨਹੀਂ ਚਲੇਗੀ” ਨਾਹਰੇ ਲਿਖੇ ਬੈਨਰ ਅਤੇ ਤਖ਼ਤੀਆਂ ਚੁੱਕੇ ਹੋਏ ਸਨ। ਸੂਬਾ ਸਰਕਾਰ ਦੇ ਬੁਲਾਰੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਨੇ ਸਦਨ ਵਿਚ ਵਿਰੋਧੀ ਧਿਰ ਦੇ ਹੰਗਾਮੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਪ੍ਰਦੇਸ਼ ਦੇ ਲੋਕਾਂ ਨੇ ਸਮਾਜਵਾਦੀ ਪਾਰਟੀ ਸਰਕਾਰ ਦੇ ਕਾਰਜਕਾਲ ਵਿਚ ਹੋਈ ”ਗੁੰਡਾਗਰਦੀ” ਨੂੰ ਵੇਖਿਆ ਹੈ। ਸਦਨ ਵਿਚ ਇਸ ਪਾਰਟੀ ਦੇ ਮੈਂਬਰਾਂ ਦਾ ਵਿਵਹਾਰ ਵੇਖਣ ਤੋਂ ਬਾਅਦ ਸੂਬੇ ਦੀ ਜਨਤਾ ਜ਼ਰੂਰ ਖ਼ੁਸ਼ੀ ਹੋਵੇਗੀ ਕਿ ਉਸ ਨੇ ਸਮਾਜਵਾਦੀ ਪਾਰਟੀ ਨੂੰ ਸੱਤਾ ਤੋਂ ਬਾਹਰ ਕਰ ਦਿਤਾ ਹੈ। ਵਿਧਾਨ ਸਭਾ ਵਿਚ ਸਮਾਜਵਾਦੀ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਮਗੋਵਿੰਦ ਚੌਧਰੀ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਗਾਇਆ ਕਿ ਸੂਬੇ ਦੀ ਭਾਜਪਾ ਸਰਕਾਰ ਦੇ ਰਾਜ ਵਿਚ ਕਾਨੂੰਨ-ਵਿਵਸਥਾ ਖ਼ਤਮ ਹੋ ਗਈ ਹੈ। ਪਿਛਲੇ 50 ਦਿਨ ਦਿਨ ਵਿਚ ਜਿੰਨੀਆਂ ਅਪਰਾਧਕ ਘਟਨਾਵਾਂ ਹੋਈਆਂ ਹਨ, ਓਨੀਆਂ ਤਾਂ ਸਾਬਕਾ ਸਪਾ ਸਰਕਾਰ ਦੇ ਪੂਰੇ ਕਾਰਜਕਾਲ ਦੌਰਾਨ ਵੀ ਨਹੀਂ ਹੋਈਆਂ ਸਨ। ਕਾਂਗਰਸ ਵਿਧਾਨ ਮੰਡਲ ਦਲ ਦੇ ਨੇਤਾ ਅਜੇ ਪ੍ਰਤਾਪ ਨੇ ਵੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਰਾਜ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਵਿਰੋਧੀ ਧਿਰ ਦਾ ਇਹ ਰੁਖ਼ ਅਣਕਿਆਸਿਆ ਬਿਲਕੁਲ ਵੀ ਨਹੀਂ ਸੀ। ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ (ਸਪਾ) ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਸਰਕਾਰ ਨੂੰ ਕਾਨੂੰਨ ਵਿਵਸਥਾ ਅਤੇ ਕੁੱਝ ਹੋਰ ਮੁੱਦਿਆਂ ‘ਤੇ ਘੇਰੇਗੀ। ਰਾਜਪਾਲ ਨੇ 84 ਸਫ਼ਿਆਂ ਦਾ ਭਾਸ਼ਨ ਪੱਤਰ ਪੜ੍ਹਦਿਆਂ ਕਿਹਾ ਕਿ ਉਤਰ ਪ੍ਰਦੇਸ਼ ਕਦੇ ਪਹਿਲੀ ਕਤਾਰ ਦੇ ਰਾਜਾਂ ਵਿਚ ਸ਼ੁਮਾਰ ਹੁੰਦਾ ਸੀ ਪਰ ਗੁਜ਼ਰੇ ਕਈ ਸਾਲ ਵਿਚ ਇਹ ਹੋਰ ਰਾਜਾਂ ਤੋਂ ਪਛੜ ਗਿਆ ਹੈ। ਹੁਣ ਰਾਜ ਦੀ ਨਵੀਂ ਸਰਕਾਰ ਨੇ ਸੱਭ ਦਾ ਸਾਥ ਸੱਭ ਦਾ ਿਵਕਾਸ ਦੇ ਉਦੇਸ਼ ਦੇ ਨਾਲ ਇਸ ਨੂੰ ਫਿਰ ਤੋਂ ਪਹਿਲੀ ਕਤਾਰ ਦਾ ਰਾਜ ਬਣਾਉਣ ਦਾ ਸੰਕਲਪ ਲਿਆ ਹੈ। ਰਾਜਪਾਲ ਨੇ ਕਿਹਾ, ”ਅਪਰਾਧ ‘ਤੇ ਅਸਰਦਾਰ ਕੰਟਰੋਲ ਅਤੇ ਅਪਰਾਧੀਆਂ ਵਿਰੁਧ ਕਾਨੂੰਨੀ ਕਾਰਵਾਈ ਲਈ ਹਰ ਪੱਧਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਨਾਲ ਹੀ ਮੁਕੱਦਮੇ ਦਰਜ ਕਰ ਕੇ ਉਨ੍ਹਾਂ ‘ਤੇ ਸਮਾਂਬਧ ਤਰੀਕੇ ਨਾਲ ਕਾਰਵਾਈ ਦੇ ਸਪੱਸ਼ਟ ਨਿਰਦੇਸ਼ ਦਿਤੇ ਗਏ ਹਨ।” ਰਾਜਪਾਲ ਨੇ ਭਾਸ਼ਨ ਵਿਚ ਸੂਬਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਕਾਰਜ ਦਾ ਖ਼ਾਕਾ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਾਲ 2017-18 ਲਈ ਬਜਟ ਜਲਦ ਹੀ ਪੇਸ਼ ਕੀਤਾ ਜਾਵੇਗਾ ਅਤੇ ਕੁੱਝ ਅਹਿਮ ਬਿਲ ਵੀ ਸਦਨ ਵਿਚ ਪੇਸ਼ ਕੀਤੇ ਜਾਣਗੇ। ਉਨ੍ਹਾਂ ਕਿਹਾ, ”ਮੈਨੂੰ ਉਮੀਦ ਹੈ ਕਿ ਸਦਨ ਦੇ ਸਾਰੇ ਮੈਂਬਰ ਸਦਨ ਦੀ ਮਰਿਆਦਾ ਅਤੇ ਸਨਮਾਨ ਨੂੰ ਬਰਕਰਾਰ ਰਖਦਿਆਂ ਆਮ ਜਨਤਾ ਦੇ ਹਿਤਾਂ ਦੀ ਸੁਰੱਖਿਆ ਲਈ ਸਰਕਾਰ ਨਾਲ ਸਹਿਯੋਗ ਕਰ ਕੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿਚ ਮਦਦ ਕਰਨਗੇ।”

Leave a Reply

Your email address will not be published.